ਪਟਿਆਲਾ ਪੁਲਿਸ ਨੇ ਅੱਜ ਸ਼ਾਮ ਇੱਕ ਲਾਈਵ ਮੁਕਾਬਲੇ ਦੌਰਾਨ ਬਦਮਾਸ਼ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਨਨਹੇੜਾ, ਥਾਣਾ ਘੱਗਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਸ ਕੋਲੋਂ 6 ਪਿਸਤੌਲਾਂ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ ਹੋਇਆ ਹੈ।
ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਸਰਹਿੰਦ ਰੋਡ ‘ਤੇ ਘਟਨਾ ਸਥਾਨ ‘ਤੇ ਪਹੁੰਚੇ ਅਤੇ ਮੀਡੀਆ ਨੂੰ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਉਸ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਕੇ ਡਕੈਤੀ ਅਤੇ ਚੋਰੀ ਦੀਆਂ 5 ਐਫਆਈਆਰ ਦਰਜ ਸਨ। ਹਾਲ ਹੀ ਦੇ ਸਮੇਂ ਦੌਰਾਨ ਉਸ ਨੇ ਬੈਂਕ ਦੇ ਸੁਰੱਖਿਆ ਗਾਰਡ ਤੋਂ ਹਥਿਆਰ ਖੋਹ ਕੇ ਬੈਂਕ ਡਕੈਤੀ ਕੀਤੀ ਹੈ।

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਅੱਜ ਇੰਚਾਰਜ ਸੀਆਈਏ ਸਟਾਫ ਪ੍ਰਦੀਪ ਬਾਜ਼ਵਾ ਨੂੰ ਸਰਹਿੰਦ ਰੋਡ ਪਟਿਆਲਾ ‘ਤੇ ਉਸਦੀ ਗਤੀਵਿਧੀ ਬਾਰੇ ਗੁਪਤ ਸੂਚਨਾ ਮਿਲੀ ਸੀ। ਜਦੋਂ ਉਕਤ ਦੋਸ਼ੀ ਆਪਣੇ ਅਮਰੀਕਾ ਅਧਾਰਤ ਹੈਂਡਲਰ ਕਰਨ ਯੂਐਸਏ ਤੋਂ ਪਾਰਸਲ ਦੇ ਰੂਪ ਵਿੱਚ .30 ਬੋਰ ਅਮਰੀਕੀ ਪਿਸਤੌਲ ਪ੍ਰਾਪਤ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਸਰਹਿੰਦ ਰੋਡ ‘ਤੇ ਇੱਕ ਜਗ੍ਹਾ ਪੁਲਿਸ ਨੇ ਲਲਕਾਰਿਆ।
ਇਸ ਦੌਰਾਨ ਉਸ ਨੇ ਆਪਣੀ ਗੈਰ-ਕਾਨੂੰਨੀ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ 3 ਰਾਉਂਡ ਗੋਲੀਬਾਰੀ ਕੀਤੀ ਅਤੇ ਇੱਕ ਰਾਉਂਡ ਸੀਆਈਏ ਟੀਮ ਵੱਲੋਂ ਵਰਤੀ ਜਾ ਰਹੀ ਗੱਡੀ ‘ਤੇ ਜਾ ਵੱਜਿਆ ਪਰ ਮੁਕਾਬਲੇ ਦੌਰਾਨ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਦੌਰਾਨ ਬਹੁਤ ਸੰਜਮ ਦਿਖਾਉਂਦੇ ਹੋਏ ਕੁਝ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਉਸਦੀ ਲੱਤ ਵਿੱਚ ਲੱਗ ਗਈ। ਇਸ ਮਗਰੋਂ ਪੁਲਿਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਐੱਸਐੱਸਪੀ ਨੇ ਕਿਹਾ ਕਿ ਉਸ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ‘ਮੈਂ ਦਿਲਜੀਤ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ’, ਦੁਸਾਂਝਾਵਾਲੇ ਦੇ ਹੱਕ ‘ਚ ਖੁੱਲ੍ਹ ਕੇ ਆਏ ਨਸੀਰੂਦੀਨ ਸ਼ਾਹ
ਐੱਸਐੱਸਪੀ ਨੇ ਅੱਗੇ ਕਿਹਾ ਕਿ ਇਸ ਹਥਿਆਰ ਦੀ ਵਰਤੋਂ ਕਰਕੇ ਉਹ ਕੋਈ ਵੱਡਾ ਅਪਰਾਧ ਜਾਂ ਟਾਰਗੇਟ ਕਿਲਿੰਗ ਕਰ ਸਕਦਾ ਹੈ, ਇਸ ਬਾਰੇ ਪੁਲਿਸ ਨੂੰ ਪੁਖਤਾ ਜਾਣਕਾਰੀ ਸੀ। ਦੋਸ਼ੀ ਕੋਲੋਂ ਹਥਿਆਰਾਂ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ, ਐਸਐਸਪੀ ਨੇ ਕਿਹਾ ਕਿ ਪਿਸਤੌਲ ਗ੍ਰੇਟਾ .30 ਬੋਰ, ਮੇਡ ਇਨ ਯੂਐਸਏ, ਕੰਟਰੀ ਮੇਡ .32 ਬੋਰ ਪਿਸਤੌਲ, ਕੰਟਰੀ ਮੇਡ .32 ਬੋਰ ਰਿਵਾਲਵਰ, ਕੰਟਰੀ ਮੇਡ (ਦੇਸੀ ਕੱਟਾ) 315 ਬੋਰ, ਕੰਟਰੀ ਮੇਡ (ਦੇਸੀ ਕੱਟਾ), 315 ਬੋਰ, ਕੰਟਰੀ ਮੇਡ (ਦੇਸੀ ਕੱਟਾ), 22 ਬੋਰ ਸਮੇਤ 36 ਜ਼ਿੰਦਾ ਕਾਰਤੂਸ ਅਤੇ ਉਸ ਵਲੋਂ ਪਟਿਆਲਾ ਦੇ ਤ੍ਰਿਪੜੀ ਖੇਤਰ ਤੋਂ ਚੋਰੀ ਕੀਤਾ ਇੱਕ ਸਕੂਟਰ ਚੋਰੀ ਵੀ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਦੇ ਨਾਲ ਐੱਸਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:
























