ਅੰਮ੍ਰਿਤਸਰ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੱਜ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਟੀਮ ਨੇ ਕੋਟ ਖਾਲਸਾ ਇਲਾਕੇ ਵਿਚ ਨਸ਼ਾ ਤਸਕਰ ਸੌਰਵ ਪ੍ਰਤਾਪ ਉਰਫ਼ ਸੰਨੀ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਤਸਕਰ ਨੇ ਇਹ ਘਰ ਨਸ਼ਿਆਂ ਦੀ ਕਮਾਈ ਨਾਲ ਬਣਾਇਆ ਸੀ।
ਛੇਹਰਟਾ ਦੇ ਵਸਨੀਕ ਸੰਨੀ ਵਿਰੁੱਧ ਸੂਬੇ ਭਰ ਵਿੱਚ ਐਨਡੀਪੀਐਸ ਐਕਟ, ਆਰਮਜ਼ ਐਕਟ ਅਤੇ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਲਗਭਗ 25 ਮਾਮਲੇ ਦਰਜ ਹਨ। ਉਹ ਇਸ ਸਮੇਂ ਫਰਾਰ ਹੈ ਅਤੇ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ।

ਸੰਨੀ ਦੀ ਧੀ ਮੁਸਕਾਨ ਅਤੇ ਭਰਾ ਆਦਿੱਤਿਆ ਪ੍ਰਤਾਪ ਨੂੰ ਇਸਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਕਿਲੋ ਅਫੀਮ, 8 ਕਿਲੋ ਹੈਰੋਇਨ, 2 ਕਿਲੋ ਹੈਰੋਇਨ ਬਣਾਉਣ ਵਾਲਾ ਰਸਾਇਣ, ਇੱਕ 9 ਐਮਐਮ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ।
ਅੱਜ ਦੀ ਕਾਰਵਾਈ ਵਿੱਚ ਢਾਹਿਆ ਗਿਆ ਗਿਆ ਸੰਨੀ ਦਾ ਘਰ ਨਗਰ ਨਿਗਮ ਦੀ ਇਜਾਜ਼ਤ ਤੋਂ ਬਿਨਾਂ ਗੈਰ-ਕਾਨੂੰਨੀ ਤੌਰ ‘ਤੇ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਸੰਨੀ ਦੀ ਗਲੀ ਨੰਬਰ 02, ਆਕਾਸ਼ ਐਵੇਨਿਊ, ਕੋਟ ਖਾਲਸਾ ਥਾਣਾ ਖੇਤਰ ਵਿੱਚ ਇੱਕ ਹੋਰ ਜਾਇਦਾਦ ਹੈ, ਜੋ ਉਸ ਦੀ ਪਤਨੀ ਸ਼ੀਤਲ ਪ੍ਰਤਾਪ ਦੇ ਨਾਮ ‘ਤੇ ਰਜਿਸਟਰਡ ਸੀ, ਜਿਸ ਨੂੰ ਵੀ ਗੈਰ-ਕਾਨੂੰਨੀ ਉਸਾਰੀ ਮੰਨ ਕੇ ਢਾਹ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਹੁਣ ਤੱਕ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੀਆਂ 9 ਤੋਂ ਵੱਧ ਜਾਇਦਾਦਾਂ ਢਾਹ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਦੋਰਾਹਾ ਦੀ ਅਨਮੋਲ ਕੌਰ ਨੇ ਰਚਿਆ ਇਤਿਹਾਸ, USA ‘ਚ ਹੋਈਆਂ ਵਰਲਡ ਪੁਲਿਸ ਐਂਡ ਫਾਇਰ ਖੇਡਾਂ ‘ਚ ਜਿੱਤੇ 4 ਮੈਡਲ
ਕਾਰਵਾਈ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਸਮਾਜ ਅਤੇ ਖਾਸ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਜ਼ਹਿਰੀਲਾ ਕਰਨ ਵਾਲਿਆਂ ‘ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ। ਪੁਲਿਸ ਅਜਿਹੇ ਅਨਸਰਾਂ ਵਿਰੁੱਧ ਪੂਰੀ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਜੋ ਵੀ ਇਸ ਕਾਰੋਬਾਰ ਵਿੱਚ ਸ਼ਾਮਲ ਹੈ, ਉਸਨੂੰ ਸਿੱਧਾ ਜੇਲ੍ਹ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨਸ਼ੇ ਦੇ ਸ਼ਿਕਾਰ ਲੋਕਾਂ ਦੇ ਇਲਾਜ ਦੀ ਜ਼ਿੰਮੇਵਾਰੀ ਵੀ ਲੈ ਰਹੀ ਹੈ।
ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਪੁਲਿਸ ਨੂੰ ਦੇਣ, ਉਨ੍ਹਾਂ ਦੇ ਨਾਮ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ ਅਤੇ ਪ੍ਰਸ਼ਾਸਨ ਅਜਿਹੀ ਕਾਰਵਾਈ ਕਰੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸਨੂੰ ਯਾਦ ਰੱਖਣ।
ਵੀਡੀਓ ਲਈ ਕਲਿੱਕ ਕਰੋ -:
























