ਪੰਜਾਬ ਇਸ ਵੇਲੇ ਬਹੁਤ ਹੀ ਮੁਸ਼ਕਲ ਹਲਾਤਾਂ ਵਿਚ ਹੈ। ਸੂਬੇ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਹਨ। ਪੰਜਾਬੀਆਂ ਦੀ ਇਸ ਔਖੇ ਵੇਲੇ ਮਦਦ ਵਿਚ ਯੋਗਦਾਨ ਪਾਉਣ ਲਈ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਹੜ੍ਹ ਪੀੜਤਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕਰ ਦਿੱਤੀ। ਅਜਨਾਲਾ ਹਲਕੇ ਦੇ ਲੋਕਾਂ ਦੀ ਮਦਦ ਲਈ ਉਨ੍ਹਾਂ 1 ਲੱਖ ਦਾ ਚੈੱਕ ਮੁੱਖ ਮੰਤਰੀ ਰਿਲੀਫ ਫੰਡ ਦੇ ਨਾਂ ‘ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਸੌਂਪਿਆ।
ਉਨ੍ਹਾਂ ਕਿਹਾ ਕਿ ਅਸੀਂ ਬਹੁਤ ਗੰਭੀਰ ਸੰਕਟ ਵਿਚ ਫਸ ਗਏ ਹਨ। ਸਾਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਹੋਰ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਮਦਦ ਲਈ ਅੱਗੇ ਆਉਣ। ਉਨ੍ਹਾਂ ਵਿਦੇਸ਼ ਵਿਚ ਬੈਠੇ ਐੱਨ.ਆਰ.ਆਈ. ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਦੀ ਬਾਂਹ ਫੜਣ। ਸਾਨੂੰ ਪੈਸੇ ਭੇਜਣ ਦੀ ਬਜਾਏ ਖੁਦ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰਨ। ਖਾਣ-ਪੀਣ ਦੀਆਂ ਚੀਜ਼ਾਂ ਤਾਂ ਬਹੁਤ ਆ ਰਹੀਆਂ ਹਨ, ਹੋਰ ਲੋੜਾਂ ਬਹੁਤ ਹਨ। ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਇਹ ਤੁਹਾਡਾ ਪੰਜਾਬ ਹੈ, ਤੁਹਾਡੀ ਤਰੱਕੀ ਹੈ ਪਰ ਥੋੜ੍ਹਾ-ਥੋੜ੍ਹਾ ਦਸਵੰਧ ਕੱਢੋ ਤੇ ਲੋਕਾਂ ਦੀ ਮਦਦ ਕਰੋ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਦੀ ਬਾਂਹ ਫੜ੍ਹੋ। ਸਾਰੇ ਲੋਕ ਵੀ ਆਪਣੀ-ਆਪਣੀ ਜੇਬ ਵਿਚੋਂ ਲੋਕਾਂ ਦੀ ਮਦਦ ਕਰਨ।

ਬੀਤੇ ਦਿਨ ਕੁਲਦੀਪ ਧਾਲੀਵਾਲ ਨੇ ਅਜਨਾਲਾ ਜ਼ਿਲ੍ਹੇ ਦਾ ਦੌਰਾ ਕੀਤਾ ਸੀ ਤੇ ਹੱਥ ਜੋੜ ਕੇ ਕਿਹਾ ਸੀ ਕਿ ਹੜ੍ਹ ਆਏ ਹੋਏ ਨੇ ਮੇਰੀ ਬੇਨਤੀ ਹੈ ਕਿ ਰੇਟ ਵੱਧ ਨਾ ਲਗਾਇਓ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰੇਟ ਵੱਧ ਲਗਾਉਣ ਵਾਲੇ ਦੁਕਾਨਦਾਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜਾ ਵੀ ਦੁਕਾਨਦਾਰ ਕਾਲਾਬਾਜ਼ਾਰੀ ਕਰ ਰਿਹਾ ਹੈ, ਮੈਂ ਉਸ ਦੀ ਦੁਕਾਨ ਸੀਲ ਕਰਵਾ ਦੇਵਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਮਜਬੂਰ ਨਾ ਕਰੋ, ਹੜ੍ਹਾਂ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਇਸ ਸਮੇਂ ਜਿਸ ਨੇ ਵੀ ਮਜਬੂਰੀ ਦਾ ਫਾਇਦਾ ਚੁੱਕਿਆ, ਮੈਂ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਵਾਂਗਾ। ਜਮਾਂ ਖੋਰੀ ਕਰਨ ਅਤੇ ਵੱਧ ਰੇਟ ਲਾਉਣ ਵਾਲਿਆਂ ਦੀ ਦੁਕਾਨ ਨੂੰ ਬੰਦ ਕੀਤਾ ਜਾਵੇਗਾ। ਹਾਲਾਤ ਬਹੁਤ ਨਾਜ਼ੁਕ ਨੇ ਹਰ ਇੱਕ ਨੂੰ ਰਲ-ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਬਾ ਬਕਾਲਾ ਵਿਖੇ ਪਹੁੰਚ ਕੇ ਹੜ੍ਹ ਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਲੋਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਇਸ ਤੋਂ ਪਹਿਲਾਂ ਸ਼ਾਮ ਨੂੰ ਉਨ੍ਹਾਂ ਬਿਆਸ ਦਰਿਆ ਦੇ ਕੰਢੇ ਹੜ੍ਹ ਪ੍ਰਭਾਵਿਤ ਇਲਾਕਿਆਂਦਾ ਦੌਰਾ ਕੀਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਵੇਰਕਾ ਮਿਲਕ ਪਲਾਂਟ, ਰਾਸ਼ਨ ਕਿੱਟਾਂ ਦੇ 2 ਟਰੱਕ ਰਵਾਨਾ
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ਦੇ ਲਗਭਗ 40 ਪਿੰਡ ਰਾਵੀ ਦਰਿਆ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਇੱਥੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਫੌਜ ਨੇ ਹੜ੍ਹ ਵਿੱਚ ਫਸੇ ਲੋਕਾਂ ਨੂੰ ਸਾਰੀਆਂ ਰੇਲ ਗੱਡੀਆਂ, ਕਿਸ਼ਤੀਆਂ ਅਤੇ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਪਿੰਡਾਂ ਤੋਂ ਕੱਢੇ ਗਏ ਲੋਕਾਂ ਲਈ ਭੋਜਨ ਅਤੇ ਪਾਣੀ ਦੇ ਨਾਲ-ਨਾਲ ਅਸਥਾਈ ਠਹਿਰਨ ਦਾ ਪ੍ਰਬੰਧ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























