ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮਣੀਆਂ ਦੇ ਸਰਪੰਚ ਦੇ ਘਰ ਪੈਟਰੋਲ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਜਿਸ ਵਿਅਕਤੀ ਨੇ ਪੈਟਰੋਲ ਬੰਬ ਸੁੱਟਿਆ, ਉਸ ਨੇ ਖੁਦ ਇਸ ਦੀ ਵੀਡੀਓ ਬਣਾਈ ਤੇ ਇਸ ਨੂੰ ਵਾਇਰਲ ਵੀ ਕਰ ਦਿੱਤਾ। ਵੀਡੀਓ ਵਿਚ ਵਿਅਕਤੀ ਸਾਫ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਹ ਤਾਂ ਡੈਮੋ ਹੈ, ਜੇ ਸਰਪੰਚ ਨੇ ਉਸ ਦੇ ਪੈਸੇ ਨਾ ਮੋੜੇ ਤਾਂ ਵੱਡਾ ਹਮਲਾ ਵੀ ਕਰੇਗਾ।
ਇਸ ਸਬੰਧੀ ਪਿੰਡ ਫਤਿਹਪੁਰ ਮਣੀਆਂ ਦੇ ਸਰਪੰਚ ਕੁਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਹਨ, ਜਿਸ ਵਿਚ ਸਰਪੰਚ ਨੇ ਦੱਸਿਆ ਕਿ ਪੈਸਿਆਂ ਦਾ ਲੈਣ-ਦੇਣ ਦੋਸ਼ੀ ਦੇ ਪਿਤਾ ਦੇ ਨਾਲ ਹੈ ਤੇ ਪਿਤਾ ਨੇ ਹੀ ਸਾਫ ਤੌਰ ‘ਤੇ ਮਨ੍ਹਾ ਕੀਤਾ ਹੈ ਕੇ ਉਸ ਦੇ ਪੁੱਤਰ ਨੂੰ ਪੈਸੇ ਨਾ ਮੋੜੇ ਜਾਣ ਤੇ ਉਸ ਨੂੰ ਹੀ ਪੈਸੇ ਦਿੱਤੇ ਜਾਣ। ਸਰਪੰਚ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਮੈਂ ਘਰ ਵਿਚ ਹੀ ਮੌਜੂਦ ਸੀ ਆਪਣੇ ਮਾਤਾ-ਪਿਤਾ ਦੇ ਕੋਲ ਬੈਠਾ ਸੀ। ਅਚਾਨਕ ਇੱਕ ਧਮਾਕੇ ਦੀ ਅਵਾਜ਼ ਆਈ, ਜਦੋਂ ਬਾਹਰ ਆ ਕੇ ਦੇਖਿਆ ਤਾਂ ਉਥੇ ਅੱਗ ਲੱਗੀ ਹੋਈ ਸੀ। ਅਸੀਂ ਅੱਗ ਨੂੰ ਬੁਝਾਇਆ। ਇਸ ਦੌਰਾਨ ਆਂਢ-ਗੁਆਂਢ ਦੇ ਲੋਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਅਸੀਂ ਦੇਖਿਆ ਕਿ ਕੱਚ ਦੀਆਂ ਬੋਤਲਾਂ ਵੀ ਖਿਲਰੀਆਂ ਪਈਆਂ ਸਨ।
ਇਹ ਵੀ ਪੜ੍ਹੋ : ਭਾਰਤੀ ਫੌਜ ਦਾ ਕਮਾਲ, 12 ਘੰਟਿਆਂ ‘ਚ ਤਿਆਰ ਕੀਤਾ ਹੜ੍ਹ ਨਾਲ ਤਬਾਹ ਹੋਇਆ ਪੁਲ
ਸਰਪੰਚ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਵ੍ਹਾਟਸਐਪ ‘ਤੇ ਇੱਕ ਵੀਡੀਓ ਆਈ ਜਿਸ ਵਿਚ ਸਾਡੇ ਪਿੰਡ ਦਾ ਮੁੰਡਾ ਰਾਜਨ ਘਰ ਆ ਕੇ ਪੈਟਰੋਲ ਬੰਬ ਸੁੱਟ ਕੇ ਗਿਆ ਸੀ। ਸਾਡਾ ਜਾਨੀ-ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਪੈਸਿਆਂ ਦਾ ਲੈਣ-ਦੇਣ ਰਾਜਨ ਦੇ ਪਿਤਾ ਗੁਰਮੀਤ ਸਿੰਘ ਨਾਲ ਹੈ। ਇਲੈਕਸ਼ਨ ਦੌਰਾਨ ਮੈਂ ਉਸ ਤੋਂ ਪੈਸੇ ਲਏ ਸਨ ਤੇ ਉਸ ਨੂੰ ਹੀ ਮੋੜਨੇ ਹਨ। ਰਾਜਨ ਲੜਾਈਆਂ-ਝਗੜੇ ਕਰਦਾ ਰਹਿੰਦਾ ਹੈ ਇਸ ਲਈ ਉਸ ਨੂੰ ਪੈਸੇ ਨਾ ਦੇਣਾ।
ਵੀਡੀਓ ਲਈ ਕਲਿੱਕ ਕਰੋ -:
























