ਰਾਏਕੋਟ ਦੇ ਕਸਬਾ ਪੱਖੋਵਾਲ ਨਜ਼ਦੀਕ ਪਿੰਡ ਰਾਜਗੜ੍ਹ ਵਿਖੇ ਸ਼ਰਾਬ ਦੇ ਨਸ਼ੇ ‘ਚ ਧੁੱਤ ਕਲਯੁੱਗੀ ਪੁੱਤਰ ਨੇ ਇੱਟ ਮਾਰਕੇ ਬਜ਼ੁਰਗ ਪਿਤਾ ਦਾ ਕਤਲ ਕਰ ਦਿੱਤਾ। ਦੋਸ਼ੀ ਪੁੱਤਰ ਤਕਰੀਬਨ ਪੰਜ ਸਾਲ ਇੱਕ ਝੱਗੜੇ ਦੌਰਾਨ ਚਾਚੇ ਦੇ ਕਤਲ ਮਾਮਲੇ ਵਿਚ 22 ਮਹੀਨੇ ਸਜਾ ਕੱਟ ਆਇਆ ਸੀ। ਸ਼ਰਾਬ ਦੇ ਨਸ਼ੇ ਵਿਚ ਉਹ ਪਤਨੀ ਨਾਲ ਲੜ ਕੇ ਸਿਲੰਡਰ ਨੂੰ ਅੱਗ ਲਾ ਕੇ ਘਰ ਸਾੜਨ ਲੱਗਾ ਸੀ ਕਿ ਮ੍ਰਿਤਕ ਪਿਤਾ ਉਸ ਨੂੰ ਰੋਕਣ ਲੱਗਾ, ਜਿਸ ‘ਤੇ ਦੋਸ਼ੀ ਨੇ ਉਸ ਨੂੰ ਥੱਲੇ ਸੁੱਟ ਕੇ ਇੱਟਾਂ ਨਾਲ ਮਾਰ ਸੁੱਟਿਆ। ਮੌਕੇ ‘ਤੇ ਪਹੁੰਚੀ ਥਾਣਾ ਸੁਧਾਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਤਿਲ ਪੁੱਤਰ ਨੂੰ ਕਾਬੂ ਕਰ ਲਿਆ। ਮ੍ਰਿਤਕ ਪਿਤਾ ਪੰਜਾਬ ਪੁਲਿਸ ਵਿੱਚ ਹੋਮ ਗਾਰਡ ਦੀ ਨੌਕਰੀ ਤੋਂ ਬਾਅਦ ਰਿਟਾਇਰ ਹੋਇਆ ਸੀ।
ਜਾਣਕਾਰੀ ਮੁਤਾਬਕ ਬੀਤੀ ਰਾਤ 10 ਵਜੇ ਦੇ ਕਰੀਬ ਸ਼ਰਾਬੀ ਦੇ ਨਸ਼ੇ ਵਿਚ ਧੁੱਤ ਅਵਤਾਰ ਸਿੰਘ (40) ਨੇ ਆਪਣੇ ਬਜ਼ੁਰਗ ਪਿਤਾ ਬੂਟਾ ਸਿੰਘ (75) ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ। ਇਸ ਸੰਬਧੀ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਦੋਸ਼ੀ ਦੀ ਪਤਨੀ ਵੀਰਪਾਲ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਸ਼ੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਨਸ਼ੇ ਦੀ ਹਾਲਤ ਵਿੱਚ ਘਰ ਅੰਦਰ ਹਰ ਸਮੇਂ ਕਲੇਸ਼ ਕਰਦਾ ਸੀ।

ਬੀਤੀ ਰਾਤ 10 ਵਜੇ ਦੇ ਕਰੀਬ ਜਦੋਂ ਉਹ ਸ਼ਰਾਬੀ ਹਾਲਤ ਵਿੱਚ ਘਰ ਆਇਆ ਤਾਂ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਸੋਈ ਵਿਚੋਂ ਗੈਸ ਸਿਲੰਡਰ ਚੁੱਕ ਕੇ ਅੱਗ ਲਗਾਉਣ ਲੱਗਾ ਸੀ, ਜਿਸ ‘ਤੇ ਉਸਦੇ ਪਿਤਾ ਬੂਟਾ ਸਿੰਘ ਨੇ ਉਸ ਅਜਿਹਾ ਕਰਨ ਤੋਂ ਰੋਕਿਆ ਤਾਂ ਅਵਤਾਰ ਸਿੰਘ ਨੇ ਗੁੱਸੇ ਵਿਚ ਆ ਕੇ ਆਪਣੇ ਬਜ਼ੁਰਗ ਤੇ ਬੀਮਾਰ 75 ਸਾਲਾ ਪਿਤਾ ਨੂੰ ਫੜ ਲਿਆ ਅਤੇ ਥੱਲੇ ਸੁੱਟ ਕੇ ਕੁੱਟਣ ਲੱਗ ਪਿਆ। ਇਸ ਦੌਰਾਨ ਉਸ ਨੇ ਕੋਲ ਪਈ ਇੱਟ ਚੁੱਕ ਕੇ ਆਪਣੇ ਪਿਤਾ ਦੇ ਸਿਰ ਵਿੱਚ ਮਾਰੀ ਤਾਂ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਰੌਲਾ ਪਾਉਣ ‘ਤੇ ਆਏ ਗੁਆਂਢੀਆਂ ਨੇ ਉਸ ਨੂੰ ਹਟਾਇਆ ਅਤੇ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ‘ਤੇ ਪੁਲਿਸ ਥਾਣਾ ਸੁਧਾਰ ਦੇ ਐਸਐਚਓ ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਵਿਖੇ ਮੋਰਚਰੀ ਵਿੱਚ ਭੇਜ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ।
ਮ੍ਰਿਤਕ ਬੂਟਾ ਸਿੰਘ ਪੰਜਾਬ ਪੁਲਿਸ ਵਿੱਚ ਹੋਮ ਗਾਰਡ ਦੀ ਨੌਕਰੀ ਉਪਰੰਤ ਸੇਵਾ ਮੁਕਤ ਹੋਇਆ ਸੀ ਅਤੇ ਪਿੰਡ ਵਿੱਚ ਕਾਫੀ ਵਧੀਆ ਅਸਰ ਰਸੂਖ ਰੱਖਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸੁਧਾਰ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਲਕੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕਾਤਲ ਪੁੱਤਰ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੈਂਸਰ ਪੀੜਤ ਪਤਨੀ ਤੇ ਬੱਚਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ! ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਤ
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਹਮਲਾਵਰ ਦਾ 2020 ਦੇ ਵਿੱਚ ਵੀ ਆਪਣੇ ਤਾਏ-ਚਾਚਿਆਂ ਦੇ ਲੜਕਿਆਂ ਨਾਲ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ, ਜਿਸ ਦੌਰਾਨ ਉਸ ਦੇ ਇੱਕ ਚਾਚੇ ਦੀ ਮੌਤ ਹੋ ਜਾਣ ਦੇ ਤਹਿਤ ਉਸ ਖਿਲਾਫ ਮੁਕਦਮਾ ਦਰਜ ਹੋਇਆ ਸੀ ਅਤੇ ਉਸ ਮੁਕਦਮੇ ਅਧੀਨ ਉਕਤ ਹਮਲਾਵਰ 22 ਮਹੀਨੇ ਜੇਲ ਵਿੱਚ ਸਜ਼ਾ ਕੱਟ ਕੇ ਆਇਆ ਹੈ ਪਰ ਬਾਅਦ ਵਿੱਚ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਹੋ ਜਾਣ ‘ਤੇ ਇਹ ਬਾਹਰ ਆ ਗਿਆ ਅਤੇ ਬੀਤੀ ਰਾਤ ਫਿਰ ਇੱਕ ਸ਼ਰਮਨਾਕ ਅਤੇ ਅਪਰਾਧ ਘਟਨਾ ਨੂੰ ਅੰਜਾਮ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:























