ਲੁਧਿਆਣਾ ਵਿੱਚ ਨਗਰ ਕੀਰਤਨ ਦੌਰਾਨ ਇੱਕ 9 ਸਾਲਾਂ ਬੱਚੇ ਨੂੰ ਗੋਲੀ ਲੱਗ ਗਈ। ਬੱਚਾ ਆਪਣੀ ਨਾਨੀ ਨਾਲ ਨਗਰ ਕੀਰਤਨ ਵੇਖਣ ਆਇਆ ਸੀ। ਗੋਲੀ ਬੱਚੇ ਦੀ ਲੱਤ ਵਿਚ ਵੱਜੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ, ਦੋਸ਼ੀ ਕੁਝ ਸਮੇਂ ਲਈ ਮੌਕੇ ‘ਤੇ ਰਿਹਾ ਅਤੇ ਬਾਅਦ ਵਿੱਚ ਫਰਾਰ ਹੋ ਗਿਆ। ਪੁਲਿਸ ਨੇ ਉਸ ਦਾ ਹਥਿਆਰ ਜ਼ਬਤ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ, ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਤਵਾਰ ਰਾਤ ਨੂੰ ਲੁਧਿਆਣਾ ਦੇ ਗੋਬਿੰਦਸਰ ਇਲਾਕੇ ਵਿੱਚ ਵਾਪਰੀ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਪਾਰਥ ਆਪਣੀ ਨਾਨੀ ਹਰਪ੍ਰੀਤ ਕੌਰ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਨੇੜੇ ਹੀ ਕਈ ਔਰਤਾਂ ਵੀ ਮੌਜੂਦ ਸਨ। ਅਚਾਨਕ ਗੋਲੀ ਚੱਲੀ ਅਤੇ ਇੱਕ ਗੋਲੀ ਪਾਰਥ ਦੇ ਪੱਟ ਵਿੱਚ ਵੱਜੀ, ਜਿਸ ਕਾਰਨ ਉਹ ਡਿੱਗ ਪਿਆ।

ਉਸਦੀ ਨਾਨੀ ਵੀ ਡਿੱਗ ਪਈ ਅਤੇ ਫਿਰ ਤੁਰੰਤ ਉੱਠ ਕੇ ਬੱਚੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ। ਮੌਕੇ ‘ਤੇ ਮੌਜੂਦ ਲੋਕ ਪਹਿਲਾਂ ਸਮਝ ਨਹੀਂ ਸਕੇ ਕਿ ਬੱਚੇ ਨੂੰ ਗੋਲੀ ਲੱਗੀ ਹੈ ਪਰ ਕੁਝ ਦੇਰ ਬਾਅਦ ਜਦੋਂ ਉਸ ਦੇ ਪੈਰ ਤੋਂ ਖੂਨ ਵਗਣ ਲੱਗਾ ਤਾਂ ਸਭ ਨੂੰ ਸਮਝ ਆ ਗਿਆ। ਗੋਲੀ ਚਲਾਉਣ ਵਾਲਾ ਬੰਦਾ ਕੁਝ ਦੇਰ ਉਥੇ ਮੌਜੂਦ ਰਿਹਾ। ਉਸ ਨੇ ਮੰਨ ਲਿਆ ਕਿ ਗੋਲੀ ਉਸ ਦੀ ਬੰਦੂਕ ਤੋਂ ਚੱਲੀ ਸੀ। ਉਸ ਨੇ ਕਿਹਾ ਕਿ ਉਹ ਖੁਸ਼ੀ ਵਿਚ ਹਵਾ ਵਿਚ ਫਾਇਰਿੰਗ ਕਰ ਰਿਹਾ ਸੀ ਤੇ ਗਲਤੀ ਨਾਲ ਬੱਚੇ ਨੂੰ ਲੱਗ ਗਈ, ਉਸ ਦਾ ਮਕਸਦ ਬੱਚੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਸੀ।
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਦਾ ਹਥਿਆਰ ਜ਼ਬਤ ਕਰ ਲਿਆ। ਪੁਲਿਸ ਨੇ ਦੋਸ਼ੀ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਤਵਿੰਦਰ ਸਿੰਘ ਮੁਤਾਬਕ ਦੋਸ਼ੀ ਇਸ ਸਮੇਂ ਫਰਾਰ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਦਿਖਾਇਆ ਵੱਡਾ ਦਿਲ, ਹੜ੍ਹ ਪੀੜ੍ਹਤ ਬਿਨ ਮਾਪਿਆਂ ਦੇ ਬੱਚਿਆਂ ਨੂੰ ਖੇਤੀ ਲਈ ਦਿੱਤਾ ਟ੍ਰੈਕਟਰ
ਜ਼ਖਮੀ ਬੱਚਾ ਪਾਰਥ ਆਪਣੀ ਨਾਨੀ ਦੇ ਘਰ ਆਇਆ ਹੋਇਆ ਸੀ। ਉਸਦਾ ਪਿਤਾ ਮਲੇਸ਼ੀਆ ਵਿੱਚ ਰਹਿੰਦਾ ਹੈ ਅਤੇ ਉਥੇ ਕੰਮ ਕਰਦਾ ਹੈ। ਪਾਰਥ ਦਾ ਹਸਪਤਾਲ ਵਿੱਚ ਇਸ ਸਮੇਂ ਇਲਾਜ ਚੱਲ ਰਿਹਾ ਹੈ, ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੀ ਹਾਲਤ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -:
























