ਅੱਜ ਕੱਲ੍ਹ, ਮੋਬਾਈਲ ਫੋਨ ਮਨੁੱਖੀ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ ਹਨ। ਜੇਕਰ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਉਸ ਵਿਅਕਤੀ ਦੀ ਚਿੰਤਾ ਵਧਣੀ ਸੁਭਾਵਕ ਹੀ ਹੈ ਕਿਉਂਕਿ ਅੱਜਕਲ੍ਹ ਬਹੁਤ ਸਾਰੇ ਕੰਮਾਂ ਲਈ ਹਰ ਕੋਈ ਮੋਬਾਈਲ ਫੋਨਾਂ ‘ਤੇ ਹੀ ਨਿਰਭਰ ਹੈ।
ਮੋਬਾਈਲ ਫੋਨ ਚੋਰੀ ਜਾਂ ਗੁਆਚ ਜਾਣ ਤੋਂ ਬਾਅਦ ਲਗਦ ਨਹੀਂ ਹੈ ਕਿ ਇਹ ਕਦੇ ਵੀ ਵਾਪਸ ਮਿਲੇਗਾ। ਪਰ ਅਜਿਹਾ ਨਹੀਂ ਹੈ… ਪੰਜਾਬ ਦੀ ਬਟਾਲਾ ਪੁਲਿਸ ਨੇ ਜੋ ਕਰਕੇ ਦਿਖਾਇਆ ਉਸ ਨਾਲ ਪੂਰੇ ਮਹਿਕਮੇ ਦਾ ਸਿਰ ਉੱਚਾ ਹੋ ਗਿਆ ਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਰਾਸ਼ਟਰੀ ਸਨਮਾਨ ਮਿਲਿਆ ਹੈ। ਬਟਾਲਾ ਪੁਲਿਸ ਨੇ ਹਜ਼ਾਰਾਂ ਚੋਰੀ ਹੋਏ ਅਤੇ ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਅਤੇ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਉਹਨਾਂ ਦੇ ਸਹੀ ਮਾਲਕਾਂ ਨੂੰ ਵਾਪਸ ਕਰ ਦਿੱਤਾ।

ਬਟਾਲਾ ਪੁਲਿਸ ਨੂੰ ਗੁਆਚੇ ਮੋਬਾਈਲ ਫੋਨ ਬਰਾਮਦ ਕਰਨ ਵਿੱਚ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਰਾਸ਼ਟਰੀ ਸਨਮਾਨ ਮਿਲਿਆ ਹੈ। ਬਟਾਲਾ ਜ਼ਿਲ੍ਹਾ ਪੁਲਿਸ ਪੰਜਾਬ ਦੀ ਪਹਿਲੀ ਜ਼ਿਲ੍ਹਾ ਪੁਲਿਸ ਬਣ ਗਈ ਹੈ ਜਿਸ ਨੇ ਸਭ ਤੋਂ ਵੱਧ ਚੋਰੀ ਹੋਏ ਅਤੇ ਗੁਆਚੇ ਮੋਬਾਈਲ ਫੋਨ ਬਰਾਮਦ ਕੀਤੇ ਅਤੇ ਉਹਨਾਂ ਨੂੰ ਉਹਨਾਂ ਦੇ ਸਹੀ ਮਾਲਕਾਂ ਨੂੰ ਸੌਂਪਿਆ। ਲਗਭਗ ਇੱਕ ਸਾਲ ਪਹਿਲਾਂ, ਡੀਜੀਪੀ ਗੌਰਵ ਯਾਦਵ ਅਤੇ ਵਿਸ਼ੇਸ਼ ਡੀਜੀਪੀ ਸਾਈਬਰ ਕ੍ਰਾਈਮ ਦੀ ਅਗਵਾਈ ਹੇਠ, ਬਟਾਲਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ “ਤੁਹਾਡਾ ਗੁਆਚਿਆ ਮੋਬਾਈਲ, ਹੁਣ ਤੁਹਾਡੇ ਹੱਥਾਂ ਵਿੱਚ ਵਾਪਸ” ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਸ ਮੁਹਿੰਮ ਰਾਹੀਂ ਅਤੇ ਦੂਰਸੰਚਾਰ ਵਿਭਾਗ (DoT) ਅਤੇ ਭਾਰਤ ਸਰਕਾਰ ਦੇ ਕੇਂਦਰੀ ਉਪਕਰਣ ਪਛਾਣ ਰਜਿਸਟਰ (CEIR) ਪੋਰਟਲ ਦੀ ਮਦਦ ਨਾਲ ਬਟਾਲਾ ਪੁਲਿਸ ਨੇ 1,100 ਤੋਂ ਵੱਧ ਗੁੰਮ ਹੋਏ ਮੋਬਾਈਲ ਫੋਨਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤਾ ਹੈ। ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੀ ਕੀਮਤ ਲਗਭਗ 2.2 ਕਰੋੜ ਰੁਪਏ ਹੈ। ਇਸ ਸਫਲਤਾ ਨੂੰ ਮਾਨਤਾ ਦਿੰਦੇ ਹੋਏ ਦੂਰਸੰਚਾਰ ਵਿਭਾਗ ਅਤੇ ਭਾਰਤ ਸਰਕਾਰ ਨੇ ਬਟਾਲਾ ਪੁਲਿਸ ਨੂੰ ਸੋਲਨ, ਹਿਮਾਚਲ ਪ੍ਰਦੇਸ਼ ਵਿਚ ਆਯੋਜਿਤ ਨਾਰਥ ਜੋਨ ਸੁਰੱਖਿਆ ਕਾਨਫਰੰਸ ਦੌਰਾਨ ਸੁਨੀਤਾ ਚੰਦਰਾ, ਡਾਇਰੈਕਟਰ ਜਨਰਲ ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ‘ਸਖੀ ਵਨ ਸਟਾਪ ਸੈਂਟਰ’ ਦਾ ਉਦਘਾਟਨ, ਪੀੜਤ ਔਰਤਾਂ ਨੂੰ ਇੱਕ ਛੱਤ ਹੇਠਾਂ ਮਿਲੇਗੀ ਸਹਾਇਤਾ
ਇਸ ਮੌਕੇ ‘ਤੇ ਐਸਐਸਪੀ ਬਟਾਲਾ, ਸੁਹੇਲ ਕਾਸਿਮ ਮੀਰ ਨੇ ਇਸ ਸਫਲਤਾ ਨੂੰ ਆਪਣੀ ਟੀਮ ਦੇ ਸਮਰਪਣ ਅਤੇ ਜਨਤਕ ਸਮਰਥਨ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਤਕਨਾਲੋਜੀ ਰਾਹੀਂ ਜਨਤਾ ਦੀ ਸੇਵਾ ਕਰਨ ਅਤੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁਆਚੇ ਮੋਬਾਈਲ ਫੋਨਾਂ ਦੀ ਰਿਪੋਰਟ ਸਾਂਝ ਕੇਂਦਰ ਵਿਖੇ ਕਰਾਉਣ ਅਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਬਟਾਲਾ ਨਾਲ ਸੰਪਰਕ ਕਰਨ।
ਵੀਡੀਓ ਲਈ ਕਲਿੱਕ ਕਰੋ -:
























