ਸਿਡਨੀ ਦੇ ਬੌਂਡੀ ਬੀਚ ‘ਤੇ ਐਤਵਾਰ ਨੂੰ ਯਹੂਦੀ ਤਿਉਹਾਰ ਹਨੁੱਕਾ ਦੇ ਜਸ਼ਨ ਦੌਰਾਨ ਦੋ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਹਮਲੇ ਵਿਚ 45 ਦੇ ਕਰੀਬ ਲੋਕ ਜ਼ਖਮੀ ਹੋਏ ਹਨ।
ਪੁਲਿਸ ਨੇ ਇੱਕ ਹਮਲਾਵਰ ਨੂੰ ਮਾਰ ਦਿੱਤਾ, ਜਦੋਂ ਕਿ ਦੂਜੇ ਦਾ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ ਮੇਲ ਲੈਨਿਯਨ ਮੁਤਾਬਕ ਗੋਲੀਬਾਰੀ ਵਿੱਚ ਸ਼ਾਮਲ ਸ਼ੱਕੀ ਇੱਕ ਪਿਤਾ ਅਤੇ ਪੁੱਤਰ ਸਨ। ਅਧਿਕਾਰੀਆਂ ਨੇ ਕਿਹਾ ਕਿ 50 ਸਾਲਾ ਪਿਤਾ ਨੂੰ ਮੌਕੇ ‘ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਜਦੋਂ ਕਿ 24 ਸਾਲਾ ਪੁੱਤਰ ਗੰਭੀਰ ਪਰ ਸਥਿਰ ਹਾਲਤ ਵਿੱਚ ਹੈ। ਅਧਿਕਾਰੀਆਂ ਨੇ ਨੇੜਲੇ ਵਾਹਨ ਵਿੱਚੋਂ ਮਿਲੇ ਵਿਸਫੋਟਕ ਯੰਤਰਾਂ ਨੂੰ ਵੀ ਹਟਾ ਦਿੱਤਾ।

ਪੁਲਿਸ ਮੁਤਾਬਕ 50 ਸਾਲਾ ਹਮਲਾਵਰ ਸਾਜਿਦ ਅਕਰਮ ਕੋਲ ਇੱਕ ਲਾਇਸੈਂਸੀ ਬੰਦੂਕ ਸੀ, ਜਿਸਨੂੰ ਉਹ ਸ਼ਿਕਾਰ ਲਈ ਵਰਤਦਾ ਸੀ। NSW ਪੁਲਿਸ ਕਮਿਸ਼ਨਰ ਮਾਲ ਲੈਨਿਯਨ ਨੇ ਕਿਹਾ ਕਿ ਸਾਜਿਦ ਅਕਰਮ ਇੱਕ ਗਨ ਕਲੱਬ ਦਾ ਮੈਂਬਰ ਸੀ ਅਤੇ ਸੂਬੇ ਦੇ ਕਾਨੂੰਨ ਅਧੀਨ ਉਸ ਕੋਲ ਲਾਇਸੈਂਸ ਸੀ। ਸਾਜਿਦ ਅਕਰਮ ਕੋਲ ਕਾਨੂੰਨੀ ਤੌਰ ‘ਤੇ ਛੇ ਬੰਦੂਕਾਂ ਸਨ। ਗੋਲੀਬਾਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਪਿਓ ਅਤੇ ਪੁੱਤਰ ਨਵੀਦ ਅਕਰਮ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਮੱਛੀਆਂ ਫੜਨ ਜਾ ਰਹੇ ਹਨ। ਅਕਰਮ ਆਪਣੇ ਪਰਿਵਾਰ ਨਾਲ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ। ਹਮਲੇ ਤੋਂ ਬਾਅਦ, ਪੁਲਿਸ ਨੇ ਘਰ ‘ਤੇ ਛਾਪਾ ਮਾਰਿਆ। ਰਿਪੋਰਟਾਂ ਮੁਤਾਬਕ ਸਾਜਿਦ ਅਕਰਮ ਇੱਕ ਫਲਾਂ ਦੀ ਦੁਕਾਨ ਚਲਾਉਂਦਾ ਸੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਹਮਲੇ ਨੂੰ ਅੱਤਵਾਦੀ ਹਮਲਾ ਕਿਹਾ ਅਤੇ ਕਿਹਾ ਕਿ ਅਸੀਂ ਯਹੂਦੀਆਂ ਵਿਰੁੱਧ ਨਫ਼ਰਤ ਨੂੰ ਜੜ੍ਹੋਂ ਪੁੱਟਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਇੱਕ ਸਰਾਪ ਹੈ ਅਤੇ ਅਸੀਂ ਸਾਰੇ ਮਿਲ ਕੇ ਇਸਨੂੰ ਖਤਮ ਕਰਨ ਲਈ ਕੰਮ ਕਰਾਂਗੇ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਸਵੇਰੇ-ਸਵੇਰੇ ਵਾਪਰਿਆ ਹਾਦਸਾ, ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਇੱਕ ਭਿਆਨਕ ਹਮਲਾ ਦੱਸਿਆ। ਐਫਬੀਆਈ ਨੇ ਵੀ ਆਸਟ੍ਰੇਲੀਆਈ ਏਜੰਸੀਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ।
ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਰਿਆਨ ਪਾਰਕ ਨੇ ਕਿਹਾ ਕਿ ਰਾਤੋ-ਰਾਤ ਮਰਨ ਵਾਲਿਆਂ ਦੀ ਗਿਣਤੀ 12 ਤੋਂ ਵਧ ਕੇ 16 ਹੋ ਗਈ ਹੈ, ਜਿਸ ਵਿੱਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਤਿੰਨ ਹੋਰ ਬੱਚਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪਾਰਕ ਨੇ ਕਿਹਾ, “ਇਹ ਪੂਰੇ ਭਾਈਚਾਰੇ ਲਈ ਭਿਆਨਕ ਹੈ, ਪਰ ਖਾਸ ਕਰਕੇ ਯਹੂਦੀ ਭਾਈਚਾਰੇ ਲਈ। ਅਸੀਂ ਕੱਲ੍ਹ ਰਾਤ ਮਨੁੱਖਤਾ ਦਾ ਸਭ ਤੋਂ ਭੈੜਾ ਰੂਪ ਦੇਖਿਆ।”
ਵੀਡੀਓ ਲਈ ਕਲਿੱਕ ਕਰੋ -:
























