ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਭਾਈਚਾਰੇ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਬਾਰੇ ਗੰਭੀਰ ਚਿੰਤਾ ਪ੍ਰਗਟਾਈ। ਜੇਲ੍ਹ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚਿੱਠੀ ਲਿਖ ਕੇ ਕਿਹਾ ਕਿ ਭਾਈਚਾਰੇ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਸੰਸਦ ਅਤੇ ਸਰਕਾਰ ਤੱਕ ਨਹੀਂ ਪਹੁੰਚ ਰਹੀ ਹੈ। ਉਨ੍ਹਾਂ ਜਥੇਦਾਰ ਸਾਹਿਬ ਵੱਲੋਂ ਸਾਰੇ ਸਾਂਸਦਾਂ ਨੂੰ ਲਿਖੀ ਚਿੱਠੀ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਨਤੀ ਨਹੀਂ, ਆਦੇਸ਼ ਜਾਰੀ ਹੁੰਦੇ ਨੇ। ਕਾਂਗਰਸੀ ਸਾਂਸਦਾਂ ਨੂੰ ਚਿੱਠੀ ਲਿਖਣਾ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣਾ ਹੈ।
ਰਾਜੋਆਣਾ ਨੇ ਸਵਾਲ ਕੀਤਾ ਕਿ ਕੀ ਅਕਾਲ ਤਖ਼ਤ ਸਾਹਿਬ ਦੀ ਆਵਾਜ਼ ਇੰਨੀ ਕਮਜ਼ੋਰ ਹੋ ਗਈ ਹੈ ਕਿ ਇਹ ਸੰਸਦ ਵਿੱਚ ਉਠਾਏ ਗਏ ਅਹਿਮ ਧਾਰਮਿਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਪਹੁੰਚਾ ਪਾ ਰਹੀ। ਉਨ੍ਹਾਂ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦਾ ਨਾਂ ਬਦਲ ਕੇ ਵੀਰ ਬਾਲ ਦਿਵਸ ਰੱਖਣ ਲਈ ਕੇਂਦਰ ਸਰਕਾਰ ਦੇ ਸੰਸਦ ਮੈਂਬਰਾਂ ਤੋਂ ਮਦਦ ਮੰਗਣਾ ਇੱਕ ਅਜਿਹਾ ਕਦਮ ਹੈ ਜੋ ਭਾਈਚਾਰੇ ਦੇ ਮਾਣ ਅਤੇ ਇਤਿਹਾਸਕ ਮਹੱਤਵ ਨੂੰ ਕਮਜ਼ੋਰ ਕਰਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਸੰਸਦ ਮੈਂਬਰਾਂ ਤੋਂ ਸਹਾਇਤਾ ਮੰਗੀ ਗਈ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੇ ਕਾਂਗਰਸ ਪਾਰਟੀ ਨਾਲ ਸਬੰਧਤ ਹਨ, ਜਿਨ੍ਹਾਂ ਨੇ ਇਤਿਹਾਸਕ ਤੌਰ ‘ਤੇ ਸਿੱਖਾਂ ਵਿਰੁੱਧ ਤਸ਼ੱਦਦ ਕੀਤੇ ਹਨ। ਅਜਿਹੇ ਸੰਸਦ ਮੈਂਬਰਾਂ ਤੋਂ ਮਦਦ ਮੰਗਣਾ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਪੱਸ਼ਟ ਕੀਤਾ ਕਿ ਪੰਥ ਦੀ ਆਵਾਜ਼ ਨੂੰ ਕਮਜ਼ੋਰ ਜਾਂ ਬੇਵੱਸ ਨਾ ਬਣਾਇਆ ਜਾਵੇ।
ਭਾਈ ਰਾਜੋਆਣਾ ਨੇ ਸੁਝਾਅ ਦਿੱਤਾ ਕਿ ਸ਼ਹੀਦ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦਾ ਨਾਮ ਸਾਹਿਬਜ਼ਾਦੇ ਸ਼ਹਾਦਤ ਦਿਵਸ ਹੀ ਰੱਖਿਆ ਜਾਵੇ ਅਤੇ ਪੰਥ ਨੂੰ ਆਪਣੀ ਸ਼ਾਨ ਅਤੇ ਇਤਿਹਾਸਕ ਮਹੱਤਤਾ ਦੀ ਰੱਖਿਆ ਆਪਣੇ ਆਪ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਥ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਦਬਾਅ ਜਾਂ ਸਿਆਸੀ ਤਾਕਤਾਂ ਦੇ ਅਸਰ ਵਿਚ ਨਹੀਂ ਆਉਣਾ ਚਾਹੀਦਾ।
ਇਹ ਵੀ ਪੜ੍ਹੋ : ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਸੜਕ ਹਾਦਸੇ ਦਾ ਸ਼ਿਕਾਰ, ਸੰਘਣੀ ਧੁੰਦ ਕਰਕੇ ਹੋਇਆ ਐਕਸੀਡੈਂਟ
ਪੱਤਰ ਵਿੱਚ ਬਲਵੰਤ ਸਿੰਘ ਨੇ ਸਪੱਸ਼ਟ ਤੌਰ ‘ਤੇ ਆਪਣੇ ਵਿਚਾਰ ਦੱਸੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਵੀ ਸਿਆਸੀ ਦਬਾਅ ਜਾਂ ਨਿੱਜੀ ਹਿੱਤਾਂ ਕਾਰਨ ਕਮਜ਼ੋਰ ਜਾਂ ਬੇਅਸਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਥ ਦੀ ਆਵਾਜ਼ ਪੂਰੀ ਦੁਨੀਆ ਵਿੱਚ ਗੂੰਜਣੀ ਚਾਹੀਦੀ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਹਮੇਸ਼ਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























