ਐਤਵਾਰ ਰਾਤ ਨੂੰ ਨਾਭਾ ਦੇ ਮਾਈਹਾਸ ਗੇਟ ਚੌਕ ਨੇੜੇ ਇੱਕ ਕਾਂਸਟੇਬਲ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਕਾਂਸਟੇਬਲ ਦਾ ਭਰਾ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਨਾਭਾ ਦੀ ਪੁੱਡਾ ਕਾਲੋਨੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਪਟਿਆਲਾ ਦੀ ਅਫਸਰ ਕਾਲੋਨੀ ਪੁਲਿਸ ਚੌਕੀ ਵਿੱਚ ਤਾਇਨਾਤ ਸੀ।
ਐਤਵਾਰ ਰਾਤ ਅਮਨਦੀਪ ਸਿੰਘ ਆਪਣੇ ਭਰਾ ਨਵਦੀਪ ਸਿੰਘ ਨਾਲ ਮਾਈਹਾਸ ਗੇਟ ਚੌਕ ਨੇੜੇ ਮੌਜੂਦ ਸੀ। ਅਮਨਦੀਪ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਕਿਸੇ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਹਮਲਾਵਰਾਂ ਦੀ ਗਿਣਤੀ ਪੰਜ ਤੋਂ ਛੇ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਾਂਸਟੇਬਲ ਅਤੇ ਉਸ ਦੇ ਭਰਾ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਕਾਂਸਟੇਬਲ ਦੀ ਛਾਤੀ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸਦੇ ਭਰਾ ਦੇ ਸਿਰ ‘ਤੇ ਵੀ ਚਾਕੂਆਂ ਨਾਲ ਵਾਰ ਕੀਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਨਵਦੀਪ ਦੀ ਹਾਲਤ ਗੰਭੀਰ ਹੈ। ਉਸ ਦੇ ਸਿਰ ‘ਤੇ ਕਈ ਟਾਂਕੇ ਲੱਗੇ ਹਨ।
ਡੀਐਸਪੀ ਨਾਭਾ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਇਹ ਘਟਨਾ ਮਾਮੂਲੀ ਝਗੜੇ ਤੋਂ ਬਾਅਦ ਵਾਪਰੀ। ਇਸ ਘਟਨਾ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਹਿਚਾਨ ਆਸੀਸ ਉਰਫ ਆਸ਼ੀ, ਸਰਵ ਕੁਮਾਰ, ਰਿੱਕੀ ਪੁੱਤਰ ਰਾਜ ਕੁਮਾਰ ਅਤੇ ਰਿੱਕੀ ਦਾ ਮੁੰਡਾ ਵਾਸੀਆਨ ਨੇੜੇ ਬਾਲਮੀਕ ਮੰਦਿਰ ਬੌੜਾਂ ਗੇਟ ਨਾਭਾ ਵਜੋਂ ਹੋਈ ਹੈ, ਜਿਨ੍ਹਾਂ ਦੇ ਨਾਲ ਕੁਝ ਹੋਰ ਵੀ ਅਣਪਛਾਤੇ ਨੌਜਵਾਨ ਸਨ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਸਮਾਰੋਹ ‘ਚ ਹੰਗਾਮਾ, ਕੁਰਸੀ ਨੂੰ ਲੈ ਕੇ MLA ਤੇ ਨਗਰ ਕੌਂਸਲ ਪ੍ਰਧਾਨ ‘ਚ ਪਿਆ ਪੰਗਾ
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਦੇ ਘਰ ਦੋ ਮਹੀਨੇ ਪਹਿਲਾਂ ਹੀ ਇੱਕ ਪੁੱਤਰ ਦ ਜਨਮ ਹੋਇਆ ਸੀ। ਉਸ ਦੇ ਪਿਤਾ ਨਾਭਾ ਮਾਰਕੀਟ ਕਮੇਟੀ ਤੋਂ ਸੇਵਾਮੁਕਤ ਹੋਏ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰ ਸੋਗ ਵਿੱਚ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਅਮਨਦੀਪ ਸਿੰਘ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣਾ ਵੀ ਸੀ।
ਵੀਡੀਓ ਲਈ ਕਲਿੱਕ ਕਰੋ -:
























