Before his death Rishi Kapoor: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਅੱਜ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ । ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਵੱਡੇ-ਵੱਡੇ ਰਾਜਨੇਤਾ ਅਤੇ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ ।ਜਾਣਕਾਰੀ ਮੁਤਾਬਕ ਰਿਸ਼ੀ ਕਪੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਤੇ ਕਰੀਬ ਸਾਲ ਭਰ ਉਨ੍ਹਾਂ ਦਾ ਨਿਊਯਾਰਕ ‘ਚ ਇਲਾਜ ਚੱਲਿਆ। ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਸਭ ਤੋਂ ਪਹਿਲਾਂ ਅਮਿਤਾਬ ਬਚਨ ਨੇ ਦਿੱਤੀ। ਰਿਸ਼ੀ ਕਪੂਰ ਭਾਵੇਂ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਹਨਾਂ ਦੀ ਯਾਦਾਂ ਅੱਜ ਵੀ ਬਰਕਰਾਰ ਹਨ ।
ਉਹਨਾਂ ਦੀ ਅਜਿਹੀ ਹੀ ਇੱਕ ਯਾਦ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੈ, ਜਿਸ ਨੂੰ ਕਿ ਕਪੂਰ ਹਵੇਲੀ ਕਿਹਾ ਜਾਂਦਾ ਹੈ ।ਜੀ ਹਾਂ ਭਾਰਤੀ ਸਿਨੇਮਾ ਦੇ ਸ਼ੋਅਮੈਨ ਕਹੇ ਜਾਣ ਵਾਲੇ ਪ੍ਰਿਥਵੀਰਾਜ ਕਪੂਰ ਦਾ ਜਨਮ ਪਾਕਿਸਤਾਨ ਵਾਲੀ ਹਵੇਲੀ ਵਿੱਚ ਹੀ ਹੋਇਆ ਸੀ । ਇਸ ਹਵੇਲੀ ਨੂੰ ਕਪੂਰ ਹਵੇਲੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਇਹ ਹਵੇਲੀ ਪੇਸ਼ਾਵਰ ਦੇ ਕਿੱਸਾ ਖਵਾਨੀ ਬਜ਼ਾਰ ਵਿੱਚ ਸਥਿਤ ਹੈ । ਇਸੇ ਹਵੇਲੀ ਵਿੱਚ ਰਿਸ਼ੀ ਕਪੂਰ ਦੇ ਪਿਤਾ ਰਾਜ ਕਪੂਰ ਦਾ ਜਨਮ ਹੋਇਆ ਸੀ । ਸਾਲ 2018 ਵਿੱਚ ਰਿਸ਼ੀ ਕਪੂਰ ਨੇ ਆਪਣੀ ਪੁਸ਼ਤੈਨੀ ਹਵੇਲੀ ਨੂੰ ਮਿਊਜ਼ੀਅਮ ਵਿੱਚ ਬਦਲਣ ਦੀ ਅਪੀਲ ਪਾਕਿਸਤਾਨ ਸਰਕਾਰ ਨੂੰ ਕੀਤੀ ਸੀ । ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਹਨਾਂ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਸੀ ।
ਕਪੂਰ ਹਵੇਲੀ ਦਾ ਨਿਰਮਾਣ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਹੋਇਆ ਸੀ ।ਇਹ ਹਵੇਲੀ 1918 ਤੋਂ 1922 ਵਿੱਚ ਬਣਕੇ ਤਿਆਰ ਹੋਈ ਸੀ । ਇਸ ਨੂੰ ਰਾਜ ਕਪੂਰ ਦੇ ਦਾਦੇ ਨੇ ਬਣਵਾਇਆ ਸੀ । ਜਿਸ ਤੋਂ ਬਾਅਦ ਇਸ ਨੂੰ ਕਪੂਰ ਹਵੇਲੀ ਦਾ ਨਾਂਅ ਦਿੱਤਾ ਗਿਆ । ਦੇਸ਼ ਦੀ ਵੰਡ ਤੋਂ ਬਾਅਦ ਕਪੂਰ ਖ਼ਾਨਦਾਨ ਮੁੰਬਈ ਆ ਗਿਆ ਤੇ ਇੱਥੇ ਫ਼ਿਲਮਾਂ ਬਨਾਉਣ ਲੱਗਾ ।ਰਿਸ਼ੀ ਕਪੂਰ ਨੇ ਸਾਲ 2017 ਵਿੱਚ ਇੱਕ ਟਵੀਟ ਕੀਤਾ ਸੀ । ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ‘ਮੈਂ 65 ਸਾਲ ਦਾ ਹਾਂ ਅਤੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਵੀ ਆਪਣੀਆਂ ਜੜਾਂ ਨੂੰ ਦੇਖਣ ਬਸ ਕਰਵਾ ਦਿਓ। ਜੈ ਮਾਤਾ ਦੀ’ ।