The cylinder caught fire : ਲੁਧਿਆਣਾ ਵਿਖੇ ਨੀਚੀ ਮੰਗਲ ਸਥਿਤ ਇਕ ਕੁਆਰਟਰ ਵਿਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਗੈਸ ਸਿਲੰਡਰ ਫਟਣ ਕਾਰਨ ਇਕ ਔਰਤ ਦੇ ਚੀਥੜੇ ਉੱਡ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ- ਦੁਆਲੇ ਦੇ ਲੋਕ ਇਕੱਠਾ ਹੋ ਗਏ। ਜਾਣਕਾਰੀ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਆਰਟਰ ਦੀਆਂ ਕੰਧਾਂ ਤੱਕ ਟੁੱਟ ਗਈਆਂ। ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਥਾਣਾ ਪੁਆਇੰਟ ਅਧੀਨ ਚੌਕੀ ਈਸ਼ਵਰ ਨਗਰ ਦੀ ਪੁਲਿਸ ਤੁਰੰਤ ਘਟਨਾ ਵਾਲੀ ਸਥਾਨ ’ਤੇ ਪਹੁੰਚੀ। ਸਿਲੰਡਰ ਫਟਣ ਦੇ ਨਾਲ ਔਰਤ ਦਾ ਸਰੀਰ ਪੁਰੀ ਤਰ੍ਹਾਂ ਸੜ ਗਿਆ ਸੀ ਤੇ ਔਰਤ ਦੇ ਸਿਰ ਦਾ ਵੀ ਸਿਰਫ ਪਿੰਜਰ ਹੀ ਦਿਖਾਈ ਦੇ ਰਿਹਾ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ 30 ਸਾਲਾ ਸੋਨੀਆ ਵਜੋਂ ਹੋਈ ਹੈ। ਈਸ਼ਵਰ ਨਗਰ ਪੁਲਿਸ ਥਾਣਾ ਦੇ ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਮ੍ਰਿਤਕਾ ਨੀਚੀ ਮੰਗਲੀ ਸਥਿਤ ਫੇਸ-8 ਦੇ ਇਲਾਕੇ ਵਿਚ ਇਕ ਫੈਕਟਰੀ ਵਿਚ ਲੇਬਰ ਦਾ ਕੰਮ ਕਰਦੀ ਸੀ। ਉਹ ਫੈਕਟਰੀ ਦੇ ਉਪਰ ਬਣੇ ਕੁਆਰਟਰ ਵਿਚ ਰਹਿੰਦੀ ਸੀ। ਉਸ ਦੇ ਆਲੇ- ਦੁਆਲੇ ਦੇ ਕੁਆਰਟਰ ਖਾਲੀ ਹਨ। ਔਰਤ ਇਕੱਲੀ ਰਹਿੰਦੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਔਰਤ ਸਵੇਰੇ ਚਾਹ ਬਣਾਉਣ ਲੱਗੀ ਸੀ, ਜਿਸ ਦੌਰਾਨ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ।
ਕਮਰਾ ਛੋਟਾ ਹੋਣ ਕਾਰਨ ਔਰਤ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ ਅਤੇ ਧਮਾਕੇ ਨਾਲ ਔਰਤ ਦੇ ਸਰੀਰ ਦੇ ਚੀਥੜੇ ਤੱਕ ਉੱਡ ਗਏ। ਔਰਤ ਦੇ ਸਰੀਰ ਦਾ ਸਾਰਾ ਮਾਸ ਸੜ ਗਿਆ ਅਤੇ ਸਿਰ ਦਾ ਸਿਰਫ ਪਿੰਜਰ ਹੀ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਔਰਤ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਔਰਤ ਦੇ ਕਿਸੇ ਪਰਿਵਾਰਕ ਮੈਂਬਰ ਦਾ ਪਤਾ ਨਹੀਂ ਲੱਗ ਸਕਿਆ ਹੈ। ਉਸ ਦੇ ਪਰਿਵਾਰ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਆਉਣ ਤੱਕ 72 ਘੰਟਿਆਂ ਲਈ ਲਾਸ਼ ਰਖਵਾ ਦਿੱਤੀ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।