Commissioner distributed rations: ਮਾਨਸਾ : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਉਥੇ ਕਈ ਸੰਸਥਾਵਾਂ ਅਤੇ ਮਿਸ਼ਨਾਂ ਵੱਲੋਂ ਵੀ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਬਾਲ ਭਵਨ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਮਿਸ਼ਨ ਮਾਨਸਾ ਵੱਲੋਂ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੰਡਦਿਆਂ ਕੀਤਾ।
ਇਸ ਸਬੰਧੀ ਦੱਸਦਿਆਂ ਸੈਕਟਰੀ ਰੈਡ ਕਰਾਸ ਮਾਨਸਾ ਸ਼੍ਰੀ ਜਗਦੇਵ ਸਿੰਘ ਨੇ ਦੱਸਿਆ ਕਿ ਸੰਤ ਨਿਰੰਕਾਰੀ ਚੈਰੀਟੇਬਲ ਮਿਸ਼ਨ ਮਾਨਸਾ ਵੱਲੋਂ ਰੈਡ ਕਰਾਸ ਸੁਸਾਇਟੀ ਮਾਨਸਾ ਦੇ ਸਹਿਯੋਗ ਨਾਲ ਬਾਲ ਭਵਨ ਵਿਖੇ ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀ ਵੰਡ ਕੀਤੀ, ਜਿਸ ਦੀ ਸ਼ੁਰੂਆਤ ਬਾਲ ਭਵਨ ਤੋਂ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ 20 ਪਰਿਵਾਰਾਂ ਨੂੰ ਰਾਸ਼ਨ ਕਿੱਟਾ ਵੰਡਵਾ ਕੇ ਕੀਤੀ ਗਈ। ਇਸ ਮੌਕੇ ਸੰਤ ਨਿਰੰਕਾਰੀ ਮੈਰੀਟੇਬਲ ਮਿਸ਼ਨ ਵੱਲੋਂ ਸ਼੍ਰੀ ਦਲੀਪ ਕੁਮਾਰ ਨੇ ਦੱਸਿਆ ਕਿ ਮਿਸ਼ਨ ਦੇ ਨੁਮਾਇੰਦਿਆਂ ਅਨੁਸਾਰ ਬਾਬਾ ਹਰਦੇਵ ਸਿੰਘ ਜੀ ਨੂੰ ਸਮਰਪਿਤ ਦਿਹਾੜੇ ਮੌਕੇ 100 ਲੋੜਵੰਦ ਪਰਿਵਾਰਾਂ ਨੂੰ ਅੱਜ ਸੁੱਕੇ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਵੱਲੋਂ ਇਸ ਤੋਂ ਪਹਿਲਾਂ 900 ਸੁੱਕੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੰਤ ਨਿਰੰਕਾਰੀ ਚੈਰੀਟੇਬਲ ਮਿਸ਼ਨ ਵੱਲੋਂ ਸਮੇਂ-ਸਮੇਂ ‘ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਸਫਾਈ ਅਭਿਆਨ ਵੀ ਚਲਾਇਆ ਜਾਂਦਾ ਹੈ।