Education Secretary approval: ਚੰਡੀਗੜ : ਪੰਜਾਬ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈਕੰਡਰੀ), ਜਿਲ੍ਹਾ ਸਿੱਖਿਆ ਅਫ਼ਸਰ(ਐਲੀਮੈਂਟਰੀ) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲ੍ਹਾ ਮੈਨੇਜਰਜ਼ ਨੂੰ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਲਈ ਕਿਤਾਬਾਂ ਵੰਡਣ ਦੀ ਮਨਜ਼ੂਰੀ ਦੇਣ ਲਈ ਕਿਹਾ ਹੈ। ਕ੍ਰਿਸ਼ਨ ਕੁਮਾਰ ਨੇ ਪੱਤਰ ਵਿਚ ਲਿਖਿਆ ਕਿ ਤਾਲਾਬੰਦੀ ਕਾਰਨ ਸੂਬੇ ਵਿੱਚ ਸਕੂਲਾਂ ਨੂੰ ਖੁੱਲਣ ਦੀ ਆਗਿਆ ਨਹੀਂ ਹੈ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਹੋਰ ਮਟੀਰੀਅਲ ਹਾਲੇ ਵੰਡਿਆ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਲੋਂ ਨਤੀਜਾ ਐਲਾਨੇ ਜਾਣ ਪਿੱਛੋਂ , ਮਾਪੇ ਪੜ੍ਹਾਈ ਦਾ ਨੁਕਸਾਨ ਹੋਣ ਦੇ ਡਰੋਂ ਵਿਦਿਆਰਥੀਆਂ ਲਈ ਕਿਤਾਬਾਂ ਦੀ ਮੰਗ ਕਰ ਰਹੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਦੌਰਾਨ ਕਿਤਾਬਾਂ ਨੂੰ ਛਪਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਹ ਕਿਤਾਬਾਂ ਜਲਦ ਹੀ ਜ਼ਿਲ੍ਹਾ ਅਤੇ ਬਲਾਕ ਹੈੱਡਕੁਆਰਟਰਜ਼ ਵਿਚ ਪਹੁੰਚਾ ਦਿੱਤੀਆਂ ਜਾਣਗੀਆਂ।ਗੌਰਤਲਬ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਕੁਝ ਨਿਰਧਾਰਤ ਸ਼ਰਤਾਂ ਤੇ ਪਾਬੰਦੀਆਂ ਨਾਲ ਖੁੱਲਣ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਸਿੱਖਿਆ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈਕੰਡਰੀ), ਜਿਲ੍ਹਾ ਸਿੱਖਿਆ ਅਫ਼ਸਰ(ਐਲੀਮੈਂਟਰੀ) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲਾ ਮੈਨੇਜਰ ਨੂੰ ਸਰਕਾਰੀ ਸਕੂਲਾਂ ਵਿਚ ਪੜ•ਦੇ ਵਿਦਿਆਰਥੀਆਂ ਲਈ ਕਿਤਾਬਾਂ ਵੰਡਣ ਦੀ ਮਨਜ਼ੂਰੀ ਦੇਣ ਦੇ ਨਾਲ ਨਾਲ ਇਸ ਕੰਮ ਵਿਚ ਸ਼ਾਮਲ ਕਾਮਿਆਂ ਨੂੰ ਵੀ ਕੰਮ ਕਰਨ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਵਲੋਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਅਤੇ ਕੋਵਿਡ 19 ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਲਗਾਈਆਂ ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।