Trump threatens china: ਵਾਸ਼ਿੰਗਟਨ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਅਮਰੀਕਾ ਸ਼ੁਰੂਆਤ ਤੋਂ ਹੀ ਚੀਨ ਨੂੰ ਦੋਸ਼ੀ ਮੰਨਦਾ ਰਿਹਾ ਹੈ । ਪਿਛਲੇ ਕੁਝ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ‘ਤੇ ਚੀਨ ਖਿਲਾਫ ਕਾਰਵਾਈ ਕਰਨ ਲਈ ਬਹੁਤ ਦਬਾਅ ਬਣ ਰਿਹਾ ਹੈ । ਅਜਿਹੇ ਵਿਚ ਵੀਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਅਸੀਂ ਚੀਨ ਦੇ ਨਾਲ ਸਾਰੇ ਸਬੰਧ ਵੀ ਤੋੜ ਸਕਦੇ ਹਾਂ ।
ਇਸ ਸਬੰਧੀ ਅਮਰੀਕਾ ਦੇ ਸੰਸਦ ਮੈਂਬਰਾਂ ਅਤੇ ਚਿੰਤਕਾਂ ਦਾ ਕਹਿਣਾ ਹੈ ਕਿ ਚੀਨ ਦੀ ਅਸਮਰਥਾ ਕਾਰਨ ਵੁਹਾਨ ਤੋਂ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਫੈਲ ਗਿਆ ਹੈ । ਇੱਕ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਉਹ ਫਿਲਹਾਲ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ। ਹਾਲਾਂਕਿ, ਉਨ੍ਹਾਂ ਦਾ ਚਿਨਫਿੰਗ ਨਾਲ ਚੰਗਾ ਰਿਸ਼ਤਾ ਹੈ। ਟਰੰਪ ਨੇ ਕਿਹਾ ਕਿ ਚੀਨ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ । ਉਨ੍ਹਾਂ ਕਿਹਾ ਕਿ ਅਮਰੀਕਾ ਨੇ ਬਾਰ-ਬਾਰ ਚੀਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੁਹਾਨ ਦੀ ਪ੍ਰਯੋਗਸ਼ਾਲਾ ਨੂੰ ਕੋਰੋਨਾ ਵਾਇਰਸ ਦੀ ਉਤਪਤੀ ਦੀ ਜਾਂਚ ਕਰਨ ਦੀ ਆਗਿਆ ਦੇਣ ਲਈ ਕਿਹਾ ਹੈ, ਪਰ ਉਸਨੇ ਇਸ ਨੂੰ ਸਵੀਕਾਰ ਨਹੀਂ ਕੀਤਾ।
ਇਸ ਤੋਂ ਅੱਗੇ ਟਰੰਪ ਨੇ ਕਿਹਾ ਕਿ ਚੀਨ ਵਿਚ ਅਸੀਂ ਅਮਰੀਕਨ ਪੈਨਸ਼ਨ ਫੰਡ ਵਿਚ ਅਰਬਾਂ ਡਾਲਰ ਲਾਏ ਸਨ । ਉਹ ਪੈਸਾ ਹੁਣ ਵਾਪਸ ਲੈ ਲਿਆ ਹੈ । ਇਸੇ ਤਰ੍ਹਾਂ ਹੋਰ ਵੀ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ । ਜ਼ਾਹਿਰ ਹੈ ਕਿ ਵਿਸ਼ਵ ਵਿੱਚ ਇਸ ਮਹਾਮਾਰੀ ਕਾਰਨ 3 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਸਿਰਫ ਅਮਰੀਕਾ ਵਿੱਚ ਹੀ 80 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ ਹਨ। ਇਸ ਕਾਰਨ ਪਿਛਲੇ ਕੁਝ ਹਫਤਿਆਂ ਵਿਚ ਅਮਰੀਕੀ ਰਾਸ਼ਟਰਪਤੀ ਤੇ ਵੀ ਚੀਨ ਦੇ ਖਿਲਾਫ ਐਕਸ਼ਨ ਲੈਣ ਦੇ ਲਈ ਦਬਾਅ ਬਣ ਰਿਹਾ ਹੈ । ਕਈ ਜਾਣਕਾਰ ਮੰਨਦੇ ਹਨ ਕਿ ਵੁਹਾਨ ਤੋਂ ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਫੈਲਣ ਦਾ ਮੁੱਖ ਕਾਰਣ ਚੀਨ ਦੀ ਕਾਰਗੁਜਾਰੀ ਸੀ ।