Corona rage in Moga : ਮੋਗਾ ਵਿਚ ਅਜੇ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦੀ ਜਾਣਕਾਰੀ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਪਾਜ਼ੀਟਿਵ ਮਰੀਜ਼ ਸ਼ਹਿਰ ਦੇ ਗਿੱਲ ਰੋਡ ਖੇਤਰ ਦਾ ਹੈ ਅਤੇ ਦੂਸਰਾ ਪਿੰਡ ਜਨੇਰ ਦੇ ਇਕਾਂਤਵਾਸ ਵਿਚ ਮੌਜੂਦ ਪਿੰਡ ਗਲੋਟੀ ਦਾ ਰਹਿਣ ਵਾਲਾ ਹੈ। ਉਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਜ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 50 ਹੋ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਮੋਗਾ ਜ਼ਿਲੇ ਨਾਲ ਸਬੰਧਤ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਵਿਚੋਂ 4 ਦੀ ਰਿਪੋਰਟ ਨੈਗੇਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਵੀਰਵਾਰ ਨੂੰ ਸੂਬੇ ‘ਚ 19 ਨਵੇਂ ਪਾਜ਼ੀਟਿਵ ਕੇਸ ਆਏ, ਜਦਕਿ 95 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਵੀਰਵਾਰ ਨੂੰ ਜਲੰਧਰ ‘ਚ 9, ਲੁਧਿਆਣਾ ‘ਚ 3 ਤੇ ਪਟਿਆਲਾ ਤੇ ਰੂਪਨਗਰ ‘ਚ 1-1 ਕੇਸ ਆਇਆ ਹੈ।
ਅੰਮ੍ਰਿਤਸਰ ‘ਚ ਸਭ ਤੋਂ ਜ਼ਿਆਦਾ 45 ਲੋਕ ਠੀਕ ਹੋਏ। ਇਸ ਤੋਂ ਇਲਾਵਾ ਫ਼ਾਜ਼ਿਲਕਾ ‘ਚ ਤਿੰਨ ਮਾਮਲੇ ਸਾਹਮਣੇ ਆਏ, ਜਦਕਿ 4 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 1990 ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿਚੋਂ 1168 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਦੱਸ ਦੇਈਏ ਕਿ ਪੰਜਾਬ ‘ਚ ਹੁਣ ਤਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ‘ਚ 295 ਲੋਕ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਘਰ ਪਰਤ ਚੁੱਕੇ ਹਨ।