Ferozepur became corona free : ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਫਿਰੋਜ਼ਪੁਰ ਤੇ ਬਰਨਾਲਾ ਤੋਂ ਚੰਗੀ ਖਬਰ ਆਈ ਹੈ, ਜਿਥੇ ਫਿਰੋਜ਼ਪੁਰ ਜ਼ਿਲੇ ਵਿਚ ਤਿੰਨ ਅਤੇ ਬਰਨਾਲਾ ਜ਼ਿਲੇ ਵਿਚ ਵੀ 17 ਲੋਕਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਜ਼ਿਲੇ ਵਿਚ ਤਿੰਨ ਲੋਕਾਂ ਦੇ ਠੀਕ ਹੋਣ ਨਾਲ ਇਹ ਜ਼ਿਲਾ ਹੁਣ ਕੋਰੋਨਾ ਮੁਕਤ ਹੋ ਗਿਆ ਹੈ। ਤਿੰਨਾਂ ਮਰੀਜ਼ਾਂ ਨੂੰ ਹਸਪਤਾਲੋਂ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਵੀ ਇਥੇ 39 ਵਿਅਕਤੀ ਵੀ ਕੋਰੋਨਾ ਤੋਂ ਜੰਗ ਫਤਿਹ ਕਰਕੇ ਘਰ ਪਰਤੇ ਸਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਥੇ 39 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਸੀ, ਜਿਸ ’ਤੇ ਉਹ ਘਰ ਪਰਤ ਗਏ ਸਨ। ਅੱਜ ਪਾਜ਼ੀਟਿਵ ਮਰੀਜ਼ਾਂ ਦੇ ਠੀਕ ਹੋਣ ’ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਉਧਰ ਬਰਨਾਲਾ ਜ਼ਿਲੇ ਵਿਚ ਵੀ 17 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਜਿਸ ’ਤੇ ਉਨ੍ਹਾਂ ਨੂੰ ਪੱਤੀ ਸੋਹਲ ਆਈਸੋਲੇਸ਼ਨ ਸੈਂਟਰ ਵਿਚੋਂ ਘਰ ਭੇਜ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਮੌਜੂਦ ਸਨ। ਇਸ ਮੌਕੇਟ ਸਿਵਲ ਸਰਜਨ ਨੇ ਦੱਸਿਆ ਕਿ ਇਥੇ ਰਹਿੰਦੇ ਜ਼ੇਰੇ ਇਲਾਜ ਦੋ ਹੋਰ ਕੋਵਿਡ-19 ਮਰੀਜ਼ਾਂ ਨੂੰ ਘਰ ਭੇਜ ਦਿੱਤਾ ਜਾਵੇਗਾ, ਜਿਸ ਨਾਲ ਬਰਨਾਲਾ ਜ਼ਿਲਾ ਕੋਰੋਨਾ ਮੁਕਤ ਹੋ ਜਾਵੇਗਾ।
ਇਸ ਮੌਕੇ ਸਿਹਤ ਵਿਭਾਗ ਦੇ ਮੈਡੀਕਲ ਸਟਾਫ ਵੱਲੋਂ ਸਾਰਿਆਂ ਨੂੰ ਹਾਰ ਪਾ ਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਅਕਤੀਆਂ ਨੂੰ ਤੋਹਫੇ ਦਿੱਤੇ ਗਏ ਅਤੇ ਚੰਗੀ ਸਿਹਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਡੀਸੀ ਫੂਲਕਾ ਨੇ ਦੱਸਿਆ ਕਿ ਜ਼ਿਲੇ ਵਿਚ ਕੁਲ 21 ਕੋਰੋਨਾ ਪਾਜ਼ੀਟਿਵ ਮਰੀਜ਼ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ ਤੇ ਦੂਸਰੀ ਔਰਤ ਠੀਕ ਹੋ ਗਈ ਸੀ. ਬਾਕੀ ਕੇਸਾਂ ਵਿਚੋਂ 17 ਨੂੰ ਘਰ ਭੇਜ ਦਿੱਤਾ ਗਿਆ ਹੈ ਤੇ 2 ਨੂੰ ਵੀ ਅੱਜ ਛੇਤੀ ਘਰ ਭੇਜ ਦਿੱਤਾ ਜਾਵੇਗਾ।