3 patients from Mohali and 5 patients : ਸੂਬੇ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ ਤੇ ਨਾਲ ਹੀ ਇਸ ਦੇ ਠੀਕ ਹੋ ਰਹੇ ਮਰੀਜ਼ਾਂ ਵਿਚ ਵੀ ਵਾਧਾ ਹੋ ਰਿਹਾ ਹੈ। ਅੱਜ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਤਿੰਨ ਅਤੇ ਪਟਿਆਲਾ ਤੋਂ 5 ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਹਨ। ਜ਼ਿਕਰਯੋਗ ਹੈ ਕਿ ਮੋਹਾਲੀ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਤਿੰਨ ਮਹੀਲਾ ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਔਰਤਾਂ ਦਾ ਰੋਪੜ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਇਨ੍ਹਾਂ ਵਿਚੋਂ ਦੋ ਔਰਤਾਂ ਖਰੜ ਦੀਆਂ ਰਹਿਣ ਵਾਲੀਆਂ ਹਨ, ਜਦਕਿ ਇਕ ਕੁਰਾਲੀ ਦੀ ਰਹਿਣ ਵਾਲੀ ਹੈ। ਇਨ੍ਹਾਂ ਤਿੰਨ ਮਰੀਜ਼ਾਂ ਦੇ ਮੋਹਾਲੀ ਤੋਂ ਠੀਕ ਹੋਣ ਨਾਲ ਹੁਣ ਜ਼ਿਲੇ ਵਿਚ 4 ਐਕਟਿਵ ਕੇਸ ਬਾਕੀ ਹਨ। ਦੱਸਣਯੋਗ ਹੈ ਕਿ ਇਥੇ ਕੁਲ 105 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਸਨ, ਜਿਨ੍ਹਾਂ ਵਿਚੋਂ 98 ਠੀਕ ਹੋ ਚੁੱਕੇ ਹਨ, ਜਦਕਿ ਤਿੰਨ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਉਧਰ ਪਟਿਆਲਾ ਜ਼ਿਲੇ ਵਿਚ ਵੀ 5 ਮਰੀਜ਼ਾਂ ਨੂੰ ਅੱਜ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦੇ ਕੇ ਘਰ ਰਵਾਨਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਦੋ ਰਾਜਪੁਰਾ, ਦੋ ਪਟਿਆਲਾ ਅਤੇ ਇਕ ਨਾਭਾ ਦਾ ਰਹਿਣ ਵਾਲਾ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਸਿਹਤ ਵਿਭਾਗ ਦੀ ਟੀਮ ਐਂਬੂਲੈਂਸ ਰਾਹੀਂ ਘਰਾਂ ਤੱਕ ਛੱਡ ਕੇ ਆਈ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਅਗਲੇ ਸੱਤ ਦਿਨਾਂ ਤੱਕ ਘਰ ਵਿਚ ਹੀ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਇਕ ਹੋਰ ਰਾਹਤ ਭਰੀ ਖਬਰ ਇਹ ਵੀ ਹੈ ਕਿ ਜ਼ਿਲੇ ਵਿਚ ਕੱਲ ਲਏ ਗਏ 75 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਅੱਜ ਵ4 ਜ਼ਿਲੇ ਵਿਚੋਂ 86 ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਕੱਲ ਆਏਗੀ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 2195 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 105 ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਦਕਿ 86 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਦੱਸਣਯੋਗ ਹੈ ਕਿ ਹੁਣ ਜ਼ਿਲੇ ਵਿਚ ਕੁਲ 20 ਐਕਟਿਵ ਕੇਸ ਬਾਕੀ ਹਨ।