Sangru and Mohali becomes corona free : ਅੱਜ ਸੰਗਰੂਰ ਤੇ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ, ਇਥੇ ਸੰਗਰੂਰ ਤੋਂ ਇਕ ਤੇ ਮੋਹਾਲੀ ਤੋਂ ਦੋ ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਦੋਵੇਂ ਜ਼ਿਲੇ ਕੋਰੋਨਾ ਮੁਕਤ ਹੋ ਗਏ ਹਨ, ਉਥੇ ਮੁਕਤਸਰ ਸਾਹਿਬ ਤੋਂ ਵੀ ਅੱਜ 9 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਅੱਜ ਸੰਗਰੂਰ ਜ਼ਿਲੇ ਵਿਚ ਸਰਕਾਰੀ ਹਸਪਤਾਲ ਅਹਿਮਦਗੜ੍ਹ ਵਿਖੇ ਆਖਰੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਮਹਿਲਾ ਮਰੀਜ਼ ਪਿੰਡ ਰੋਹੀੜਾ ਦੀ ਰਹਿਣ ਵਾਲੀ ਸੀ ਅਤੇ 6 ਮਈ ਤੋਂ ਹਸਪਤਾਲ ਵਿਚ ਦਾਖਲ ਸੀ। ਉਸ ਨੂੰ ਘਰ ਲਈ ਰਵਾਨਾ ਕਰਨ ਸਮੇਂ ਹਸਪਤਾਲ ਦੇ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।
ਇਸ ਦੇ ਨਾਲ ਹੀ ਸੰਗਰੂਰ ਦੇ ਕੋਵਿਡ ਕੇਅਰ ਸੈਂਟਰਾਂ ਤੋਂ ਜ਼ਿਲੇ ਦੇ 51 ਮਰੀਜ਼ ਸਿਹਤਯਾਬ ਹੋ ਕੇ ਘਰਾਂ ਤੋਂ ਪਰਤਣ ਤੋਂ ਬਾਅਦ ਹੁਣ ਸੰਗਰੂਰ ਜ਼ਿਲਾ ਵੀ ਕੋਰੋਨਾ ਮੁਕਤ ਹੋ ਚੁੱਕਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਸੰਗਰੂਰ ਤੋਂ ਹੁਣ ਤੱਕ 91 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਡੀਸੀ ਨੇ ਦੱਸਿਆ ਕਿ ਪਿਛਲੇ ਦੋ ਹਫਤਿਆਂ ਦੌਰਾਨ 900 ਤੋਂ ਵਧੇਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਕੋਈ ਵੀ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ ਹੈ।
ਉਧਰ ਮੋਹਾਲੀ ਦੇ ਵੀ ਦੋ ਮਰੀਜ਼ ਜਿਨ੍ਹਾਂ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਸੀ, ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚ ਨਵਾਗਾਓਂ ਦਾ 30 ਸਾਲਾ ਨੌਜਵਾਨ ਅਤੇ ਮਿਲਖ ਪਿੰਡ ਦੀ 24 ਸਾਲਾ ਲੜਕੀ ਸ਼ਾਮਲ ਹੈ। ਇਨ੍ਹਾਂ ਮਰੀਜ਼ਾਂ ਦੇ ਠੀਕ ਹੋਣ ਨਾਲ ਹੁਣ ਮੋਹਾਲੀ ਜ਼ਿਲੇ ਵਿਚ ਕੋਈ ਵੀ ਐਕਟਿਵ ਕੇਸ ਨਹੀਂ ਰਿਹਾ ਤੇ ਮੋਹਾਲੀ ਵੀ ਕੋਰੋਨਾ ਮੁਕਤ ਹੋ ਗਿਆ ਹੈ। ਇਸ ਦੇ ਨਾਲ ਹੀ ਮੁਕਤਸਰ ਸਾਹਿਬ ਤੋਂ ਵੀ 9 ਹੋਰ ਮਰੀਜ਼ਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ। ਇਸ ਬਾਰੇ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਤੋਂ ਹੁਣ ਤੱਕ 66 ਪਾਜ਼ੀਟਿਵ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 59 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਘਰ ਭੇਟ ਦਿੱਤਾ ਗਿਆ ਹੈ, ਜਦਕਿ 7 ਕੇਸ ਅਜੇ ਐਕਟਿਵ ਚੱਲ ਰਹੇ ਹਨ।