9 new corona cases : ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਕੋਰੋਨਾ ਵਾਇਰਸ ਦੇ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਤੋਂ ਦੋ, ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਤੋਂ ਇਕ ਅਤੇ ਪਠਾਨਕੋਟ ਵਿਚ 6 ਹੋਰ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਬਟਾਲਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਐਸਐਮਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਆਏ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਦੋਹਾਂ ਵਿਅਕਤੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਰਖਿਆ ਗਿਆ ਹੈ।
ਉਧਰ ਹੁਸ਼ਿਆਰਪੁਰ ਵਿਖੇ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਤੋਂ ਪਿਛਲੇ ਦਿਨੀਂ ਮਰੇ ਵਿਅਕਤੀ ਦੇ ਸੰਪਰਕ ਵਾਲੇ ਇਕ ਹੋਰ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਨਾਲ ਹੁਣ ਹੁਸ਼ਿਆਰਪੁਰ ਵਿਚ ਕੁਲ ਪਾਜ਼ੀਟਿਵ ਕੇਸ 104 ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਕੋਰੋਨਾ ਮ੍ਰਿਤਕ ਦੇ 5 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਦੱਸਣਯੋਗ ਹੈ ਕਿ ਅੱਜ ਪਾਜ਼ੀਟਿਵ ਆਏ ਮਰੀਜ਼ ਬਲਦੇਵ ਸਿੰਘ ਨੂੰ ਜਦੋਂ ਹਸਪਤਾਲ ਦੀ ਟੀਮ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਸੈਂਟਰ ਵਿਚ ਲਿਜਾਣ ਲਈ ਪਹੁੰਚੀ ਤਾਂ ਬਲਦੇਵ ਸਿੰਘ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਟੀਮ ਨੇ ਬੜੀ ਮੁਸ਼ੱਕਤ ਨਾਲ ਪੁਲਿਸ ਦੀ ਮਦਦ ਨਾਲ ਉਸ ਨੂੰ ਹੁਸ਼ਿਆਰਪੁਰ ਲਿਆਂਦਾ ਤੇ ਸਿਹਤ ਵਿਭਾਗ ਦੀ ਟੀਮ ਨਾਲ ਭੇਜਿਆ।
ਪਠਾਨਕੋਟ ਵਿਚ ਵੀ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਵਿਅਕਤੀ ਢਾਂਗੂ ਰੋਡ ਦੇ ਰਹਿਣ ਵਾਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਾਲੇ ਹਨ। ਉਕਤ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲੈ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਆਈ ਹੈ, ਜਿਸ ਵਿਚ 6 ਵਿਅਕਤੀਆਂ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਵੀ ਅੱਜ ਸਵੇਰੇ ਪਠਾਨਕੋਟ ਜ਼ਿਲੇ ਵਿਚ ਇਕ ਹੋਰ ਮਰੀਜ਼ ਦੀ ਪੁਸ਼ਟੀ ਹੋਈ ਸੀ। ਅੱਜ ਇਕ ਹੀ ਦਿਨ ਵਿਚ ਜ਼ਿਲੇ ਵਿਚੋਂ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ।