BCCI not impressed Shardul Thakur: ਲਾਕਡਾਊਨ ਦੇ ਚੌਥੇ ਪੜਾਅ ਵਿੱਚ ਨਿੱਜੀ ਸਿਖਲਾਈ ਸ਼ੁਰੂ ਕਰਨ ਦੀ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਕੋਰੋਨਾ ਮਹਾਂਮਾਰੀ ਵਿਚਾਲੇ ਮੁੰਬਈ ਵਿੱਚ ਬਾਹਰੀ ਸਿਖਲਾਈ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੇ । ਇਸ ਸਿਖਲਾਈ ਦੇ ਨਾਲ ਸ਼ਾਰਦੂਲ ਠਾਕੁਰ ਹੁਣ ਚਰਚਾ ਵਿੱਚ ਹਨ, ਕਿਉਂਕਿ ਬੀਸੀਸੀਆਈ ਦੇ ਸਮਝੌਤੇ ਵਾਲੇ ਖਿਡਾਰੀਆਂ ਨੂੰ ਬਾਹਰੀ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਬੋਰਡ ਦੀ ਮਨਜ਼ੂਰੀ ਲੈਣੀ ਪੈਂਦੀ ਹੈ ।
ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਬੋਰਡ ਤੋਂ ਮਨਜ਼ੂਰੀ ਲਏ ਬਿਨ੍ਹਾਂ ਸ਼ਾਰਦੂਲ ਠਾਕੁਰ ਨੇ ਸਿਖਲਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ । ਅਧਿਕਾਰੀ ਨੇ ਕਿਹਾ ਕਿ ਸ਼ਾਰਦੂਲ ਠਾਕੁਰ ਨੂੰ ਇਜਾਜ਼ਤ ਨਹੀਂ ਦਿੱਤੀ ਗਈ, ਕਿਉਂਕਿ ਉਹ ਇੱਕ ਸਮਝੌਤੇ ਵਾਲਾ ਖਿਡਾਰੀ ਹੈ। ਬਦਕਿਸਮਤੀ ਨਾਲ ਉਨ੍ਹਾਂ ਨੇ ਕੀਤਾ, ਜੋ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਸੀ ।
ਉਨ੍ਹਾਂ ਕਿਹਾ ਕਿ ਸ਼ਾਰਦੂਲ ਤੋਂ ਇਲਾਵਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਵੀ ਮੁੰਬਈ ਵਿੱਚ ਮੌਜੂਦ ਹਨ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਬਾਹਰੀ ਸਿਖਲਾਈ ਸ਼ੁਰੂ ਕਰਨ ਦਾ ਫੈਸਲਾ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਘਰ ਵਿੱਚ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਖੇਡ ਕੰਪਲੈਕਸ ਨੂੰ ਹੱਥ ਨਹੀਂ ਲਗਾਇਆ ।
ਦੱਸ ਦੇਈਏ ਕਿ ਸ਼ਾਰਦੂਲ ਬੀਸੀਸੀਆਈ ਦਾ ਸਮਝੌਤੇ ਵਾਲਾ ਖਿਡਾਰੀ ਹੈ ਅਤੇ ਮੌਜੂਦਾ ਕਰਾਰ ਸੂਚੀ ਵਿੱਚ ਉਹ ਗਰੇਡ-ਸੀ ਦਾ ਹਿੱਸਾ ਹੈ। ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਉਸਨੇ ਇੱਕ ਅਜਿਹੇ ਸ਼ਹਿਰ ਵਿੱਚ ਸਿਖਲਾਈ ਦਿੱਤੀ ਹੈ ਜੋ ਇਸ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਚਪੇਟ ਵਿੱਚ ਹੈ ।