Talwandi Sabo Death: ਪੰਜਾਬ ‘ਚ ਫ਼ਿਰ ਤੋਂ ਨਸ਼ਿਆਂ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਸਪੁੱਤਰ ਗੁਰਮੇਲ ਸਿੰਘ( 22 )ਦੀ ਨਸ਼ੇ ਦੀ ਓਵਰਡੋਜ਼ ਨਾਲ ਅੱਜ ਮੌਤ ਹੋ ਚੁੱਕੀ ਹੈ। ਨੌਜਵਾਨ ਦੀ ਲਾਸ਼ ਤਲਵੰਡੀ ਸਾਬੋ ਦੀ ਮੋਰਚਰੀ ਦੇ ਵਿੱਚ ਪਈ ਹੈ। ਮ੍ਰਿਤਕ ਗੁਰਮੇਲ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ ਤੇ ਅੱਜ ਸਵੇਰੇ ਘਰੋਂ ਕਿਸ਼ਤ ਭਰਨ ਦਾ ਕਹਿ ਕੇ ਚਲਾ ਗਿਆ ਤੇ ਤਲਵੰਡੀ ਸਾਬੋ ਆ ਕੇ ਇਸ ਨੇ ਚਿੱਟੇ ਦਾ ਨਸ਼ਾ ਕਰ ਲਿਆ ਜਿਸ ਕਾਰਨ ਉਸਦੀ ਪਾਰਕ ਦੇ ਵਿੱਚ ਮੌਤ ਹੋ ਗਈ। ਉਸ ਨੂੰ ਇਸਦਾ ਪਤਾ ਆਸੇ-ਪਾਸੇ ਦੇ ਮੋਬਾਇਲ ਫੋਨਾਂ ਤੋਂ ਲੱਗਿਆ ਉਸ ਨੇ ਦੱਸਿਆ ਕਿ ਉਸ ਦਾ ਇੱਕ ਪਹਿਲਾਂ ਬੇਟਾ ਤੇ ਉਸ ਦਾ ਪਤੀ ਵੀ ਮਰ ਚੁੱਕਿਆ ਹੈ ਤੇ ਹੁਣ ਉਸ ਦਾ ਇਕਲੌਤਾ ਸਪੁੱਤਰ ਮਰ ਗਿਆ ਹੈ।
ਮ੍ਰਿਤਕ ਦੀ ਮਾਂ ਨੇ ਪੰਜਾਬ ਸਰਕਾਰ ਨੂੰ ਨਸ਼ੇ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਸਦਾ ਤਾਂ ਸਾਰਾ ਘਰ ਬਰਬਾਦ ਹੋ ਗਿਆ ਹੈ ਪਰ ਕਿਸੇ ਹੋਰ ਮਾਪਿਆਂ ਦਾ ਨਸ਼ੇ ਨਾਲ ਸਪੁੱਤਰ ਨਾ ਮਰੇ। ਇਸ ਲਈ ਪੰਜਾਬ ਦੇ ਵਿੱਚੋਂ ਨਸ਼ੇ ਤੁਰੰਤ ਬੰਦ ਕਰਨੇ ਚਾਹੀਦੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਰਿਵਾਰ ਦੇ ਵਿੱਚ ਇਕੱਲੀ ਮਾਤਾ ਰਹਿ ਗਈ ਹੈ। ਉਸ ਦਾ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ ਹੈ ਇਸ ਲਈ ਉਨ੍ਹਾਂ ਨੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਤਲਵੰਡੀ ਸਾਬੋ ਵਿੱਚ ਕਈ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਚੁੱਕੇ ਹਨ। ਉਧਰ ਜਦੋਂ ਜਾਂਚ ਅਧਿਕਾਰੀ ਥਾਣੇਦਾਰ ਧਰਮਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਮ੍ਰਿਤਕ ਨੌਜਵਾਨ ਦੀ ਲਾਸ਼ ਮਿਲਣ ਦਾ ਦਾਅਵਾ ਕੀਤਾ ਹੈ।