Captain Sarkar spends : ਜਲੰਧਰ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੋਮਵਾਰ ਦੀ ਸ਼ਾਮ ਤੱਕ ਲਾਕਡਾਊਨ ਦੌਰਾਨ ਜਲੰਧਰ ਸ਼ਹਿਰ ਵਿੱਚ ਫਸੇ 95000 ਤੋਂ ਜ਼ਿਆਦਾ ਪ੍ਰਵਾਸੀ ਕਾਮਿਆ ਨੂੰ ਮੁਫ਼ਤ ਰੇਲ ਸਫ਼ਰ ਦੀ ਰਾਹੀਂ ਉਨਾਂ ਦੇ ਜੱਦੀ ਸੂਬਿਆਂ ਵਿੱਚ ਵਾਪਿਸ ਭੇਜਣ ਲਈ ਚਲਾਈਆਂ ਗਈਆਂ 76 ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀਆਂ ’ਤੇ 5.47 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਸੂਬਾ ਸਰਕਾਰ ਵਲੋਂ ਚਲਾਈਆਂ ਗਈਆ ਮੁਫ਼ਤ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀਆਂ ਦੀ ਲੜੀ ਵਜੋਂ ਅੱਜ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ 72ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਗਾਇਆ (ਬਿਹਾਰ) ਲਈ ਸਵੇਰੇ 10 ਵਜੇ, 73ਵੀਂ ਰੇਲ ਗੱਡੀ ਮਧੂਬਾਨੀ (ਬਿਹਾਰ) ਲਈ ਦੁਪਹਿਰ 1 ਵਜੇ, 74ਵੀਂ ਰੇਲ ਗੱਡੀ ਪੂਰਨੀਆਂ (ਬਿਹਾਰ) ਲਈ ਸ਼ਾਮ 4 ਵਜੇ ਰਵਾਨਾ ਹੋਈਆਂ। ਇਸੇ ਤਰ੍ਹਾਂ 75ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਸੀਵਾਨ (ਬਿਹਾਰ) ਲਈ ਸ਼ਾਮ 7 ਵਜੇ ਅਤੇ 76ਵੀਂ ਰੇਲ ਗੱਡੀ ਗੋਰਖਪੁਰ (ਉਤੱਰ ਪ੍ਰਦੇਸ਼) ਲਈ ਮੁਰਾਦਾਬਾਦ ਅਤੇ ਗੋਂਡਾ ਅਤੇ ਰਾਏ ਬਰੇਲੀ ਵਿੱਚ ਰੁਕੇਗੀ ਲਈ ਦੇਰ ਰਾਤ 10 ਵਜੇ ਰਵਾਨਾ ਹੋਣਗੀਆਂ।
ਸੂਬਾ ਸਰਕਾਰ ਵਲੋਂ ਪ੍ਰਵਾਸੀ ਕਾਮਿਆਂ ਨੂੰ ਮੁਫ਼ਤ ਰੇਲ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਚਲਾਈਆਂ ਗਈਆ ਇਨ੍ਹਾਂ ਸ਼੍ਰਮਿਕ ਐਕਸਪੈ੍ਰਸ ਰੇਲ ਗੱਡੀਆਂ ’ਤੇ 48.88 ਲੱਖ ਰੁਪਏ ਖ਼ਰਚੇ ਜਾਣਗੇ ਜਿਨਾਂ ਵਿੱਚ ਗਾਇਆ ਲਈ 9.68 ਲੱਖ ਰੁਪਏ, ਮਧੂਬਾਨੀ ਲਈ 10.80 ਲੱਖ ਰੁਪਏ, ਪੂਰਨੀਆਂ ਲਈ 11.20 ਲੱਖ ਰੁਪਏ, ਸੀਵਾਨ ਲਈ 8.88 ਲੱਖ ਰੁਪਏ ਅਤੇ ਗੋਰਖਪੁਰ ਲਈ 8.32 ਲੱਖ ਰੁਪਏ ਸ਼ਾਮਿਲ ਹਨ। ਜਲੰਧਰ ਸ਼ਹਿਰ ਤੋਂ ਰਵਾਨਾ ਹੋਣ ਵਾਲੀ ਹਰੇਕ ਰੇਲ ਗੱਡੀ ਰਾਹੀਂ 1200 ਪ੍ਰਵਾਸੀ ਕਾਮਿਆਂ ਨੂੰ ਵਾਪਿਸ ਭੇਜਿਆ ਜਾ ਰਿਹਾ ਹੈ। ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀਆਂ ਰਾਹੀਂ ਪ੍ਰਵਾਸੀ ਕਾਮਿਆਂ ਨੂੰ ਵਾਪਿਸ ਭੇਜਣ ਤੋਂ ਪਹਿਲਾਂ ਪੰਜਾਬ ਰੋਡਵੇਜ ਦੀਆਂ ਬੱਸਾਂ ਰਾਹੀਂ ਵੱਖ-ਵੱਖ ਸਥਾਨਾਂ ਤੋਂ ਰੇਲਵੇ ਸਟੇਸ਼ਨ ’ਤੇ ਮੁਫ਼ਤ ਲਿਆਂਦਾ ਗਿਆ ਜਿਥੇ ਇਨ੍ਹਾਂ ਦੀ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਵਲੋਂ ਚੰਗੀ ਤਰ੍ਹਾਂ ਸਕਰੀਨਿੰਗ ਕੀਤੀ ਗਈ। ਇਸੇ ਤਰ੍ਹਾਂ ਪ੍ਰਵਾਸੀਆਂ ਨੂੰ ਗੱਡੀਆਂ ਵਿੱਚ ਚੜ੍ਹਨ ਤੋਂ ਪਹਿਲਾਂ ਮੁਫ਼ਤ ਭੋਜਨ, ਪਾਣੀ, ਚੱਪਲਾਂ ਅਤੇ ਸਫ਼ਰ ਦੌਰਾਨ ਹੋਰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਪ੍ਰਵਾਸੀ ਕਾਮਿਆਂ ਲਈ ਪਹਿਲਾਂ ਹੀ ਪੁਖ਼ਤਾ ਇੰਤਜ਼ਾਮ ਕੀਤੇ ਗਏ। ਇਹ 66ਵੀਂ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਬਬੀਤਾ ਕਲੇਰ ਅਤੇ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਬਲਕਾਰ ਸਿੰਘ ਦੀ ਦੇਖਰੇਖ ਵਿੱਚ ਰਵਾਨਾ ਹੋਈਆਂ।