From Sangrur 2 New Cases of Corona : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਰੁਕਦੇ ਨਜ਼ਰ ਨਹੀਂ ਆ ਰਹੇ। ਤਾਜ਼ਾ ਮਾਮਲਿਆਂ ਵਿਚ ਸੰਗਰੂਰ ਤੋਂ ਨਵੇਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਦੋਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਬਲਾਕ ਮੂਣਕ ਨਾਲ ਸਬੰਧ ਰਖਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮੂਣਕ ਹਸਪਤਾਲ ਦੇ ਨੇੜੇ ਰਹਿਣ ਵਾਲੇ ਇਨ੍ਹਾਂ ਦੋਹਾਂ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੈਂਪਲ ਲੈਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਵਿਚ ਰਖਿਆ ਗਿਆ ਸੀ ਅਤੇ ਹੁਣ ਇਨ੍ਹਾਂ ਦੀ ਰਿਪੋਰਟ ਵਿਚ ਪਾਜ਼ੀਟਿਵ ਪੁਸ਼ਟੀ ਹੋਣ ’ਤੇ ਇਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸੰਗਰੂਰ ਜ਼ਿਲੇ ਵਿਚ ਹੁਣ ਤੱਕ 94 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 91 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਹੁਣ ਜ਼ਿਲੇ ਵਿਚ ਤਿੰਨ ਕੇਸ ਐਕਟਿਵ ਹਨ।
ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ਵਿਚ 27 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਸ ਤਰ੍ਹਾਂ ਹੁਣ ਸੂਬੇ ਵਿਚ ਕੋਰੋਨਾ ਵਾਇਰਸ ਵਾਲੇ ਕੇਸਾਂ ਦਾ ਕੁੱਲ ਅੰਕੜਾ 2100 ਤੋਂ ਪਾਰ ਹੋ ਚੁੱਕਾ ਹੈ। ਕੁੱਲ ਪਾਜ਼ੇਟਿਵ ਕੇਸਾਂ ‘ਚੋਂ 1918 ਠੀਕ ਹੋ ਚੁੱਕੇ ਹਨ। ਇਸ ਸਮੇਂ 150 ਮਰੀਜ਼ ਹਸਪਤਾਲ ਵਿਚ ਇਲਾਜ ਅਧੀਨ ਹਨ। 24 ਘੰਟਿਆਂ ਦੌਰਾਨ ਜਲੰਧਰ, ਫ਼ਰੀਦਕੋਟ, ਪਠਾਨਕੋਟ, ਲੁਧਿਆਣਾ, ਨਵਾਂ ਸ਼ਹਿਰ ਅਤੇ ਅੰਮ੍ਰਿਤਸਰ ਤੋਂ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਸੂਬੇ ਵਿਚੋਂ ਕੁਲ ਸੈਂਪਲ 69818 ਲਏ ਗਏ ਹਨ, ਜਿਨ੍ਹਾਂ ਵਿਚੋਂ 64160 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 2108 ਕੁਲ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 3552 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਸੁਬੇ ਵਿਚੋਂ 1918 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 148 ਮਰੀਜ਼ਾਂ ਦਾ ਅਜੇ ਵੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।