locust swarm invasion alert: ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਟਿੱਡੀਆਂ ਦੇ ਹਮਲੇ ਦੀ ਸੰਭਾਵਨਾ ਹੈ। ਟਿੱਡੀ ਚੇਤਾਵਨੀ ਸੰਗਠਨ (ਐਲਡਬਲਯੂਓ) ਨੇ ਮੰਗਲਵਾਰ ਦੀ ਸ਼ਾਮ ਨੂੰ ਜਾਰੀ ਇੱਕ ਚੇਤਾਵਨੀ ਵਿੱਚ ਕਿਹਾ ਕਿ ਰਾਜਸਥਾਨ ਤੋਂ ਟਿੱਡੀਆਂ ਦਾ ਦਲ ਅੱਗੇ ਵੱਧ ਚੁੱਕੇ ਹਨ। ਇਹ ਦਲ ਪੰਜਾਬ, ਹਰਿਆਣਾ ਜਾਂ ਗੁਜਰਾਤ ਵਿੱਚ ਦਾਖਲ ਹੋ ਸਕਦੇ ਹਨ। ਸਬੰਧਿਤ ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਹਰਿਆਣਾ ਵਿੱਚ ਪੰਜਾਬ ਅਤੇ ਰਾਜਸਥਾਨ ਨਾਲ ਲੱਗਦੇ ਸੱਤ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਟਿੱਡੀਆਂ ਦੇ ਇੱਕ ਸਮੂਹ ਦੇ ਹਮਲਾ ਹੋਣ ਦੀ ਸੰਭਾਵਨਾ ਹੈ।
ਜਿਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਟਿੱਡੀਆਂ ਵਲੋਂ ਹਮਲਾ ਹੋਣ ਦਾ ਸ਼ੱਕ ਹੈ ਉਹ ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ ਅਤੇ ਰੇਵਾੜੀ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਟਿੱਡੀ ਦਲ ਦੇ ਹਮਲਿਆਂ ਦੇ ਪ੍ਰਬੰਧਨ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਖੇਤੀਬਾੜੀ ਅਧਿਕਾਰੀਆਂ ਨੂੰ ਹਰ ਤਾਜ਼ਾ ਜਾਣਕਾਰੀ ਨੂੰ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਸਾਂਝਾ ਕਰਨ ਲਈ ਕਿਹਾ ਗਿਆ ਹੈ। ਉਹ ਸਬੰਧਿਤ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਕੀਟਨਾਸ਼ਕਾਂ ਦੇ ਭੰਡਾਰ ਦੀ ਉਪਲਬਧਤਾ ਨੂੰ ਵੀ ਅਪਡੇਟ ਕਰਨਗੇ।
ਹਰਿਆਣਾ ਦੇ ਖੇਤੀਬਾੜੀ ਵਿਭਾਗ ਨੇ ਟਿੱਡੀਆਂ ਦੇ ਹਮਲੇ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਉਪਾਅ ਕਰਨ ਲਈ ਕਿਹਾ ਹੈ, ਜਿਸ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਵੀ, ਦੇਸ਼ ਨੇ ਪਿੱਛਲੇ ਸਮੇਂ ਵਿੱਚ ਟਿੱਡੀਆਂ ਦੇ ਬਹੁਤ ਸਾਰੇ ਵੱਡੇ ਹਮਲੇ ਵੇਖੇ ਹਨ। 1926 ਤੋਂ 1931, 1942 ਤੋਂ 1946, 1949 ਤੋਂ 1952 ਅਤੇ 1959 ਤੋਂ 1962 ਤੱਕ ਟਿੱਡੀ ਸਮੂਹਾਂ ਨੇ ਕਰੋੜਾਂ ਰੁਪਏ ਦੀ ਫਸਲ ਤਬਾਹ ਕਰ ਦਿੱਤੀ ਸੀ। ਹਾਲਾਂਕਿ, 1962 ਤੋਂ 1977 ਤੱਕ ਦੇਸ਼ ਵਿੱਚ ਟਿੱਡੀਆਂ ਦਾ ਹਮਲਾ ਨਹੀਂ ਦੇਖਿਆ ਗਿਆ। 1978 ਅਤੇ 1993 ਵਿੱਚ, ਟਿੱਡੀਆਂ ਦੇ ਹਮਲੇ ਹੋਣ ਦੀਆਂ ਖਬਰਾਂ ਆਈਆਂ ਸਨ।