Corona Positive from Isru : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਲੁਧਿਆਣਾ ਜ਼ਿਲੇ ਵਿਚ ਈਸੜੂ ਅਧੀਨ ਪੈਂਦੇ ਪਿੰਡ ਬੌਪੁਰ ਵਿਖੇ ਇਕ 23 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਡਾ. ਸਿੰਗਾਰਾ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਰੋਨਾ ਪਾਜ਼ੀਟਿਵ ਮਰੀਜ਼ ਰਾਜਨ ਪੁੱਤਰ ਪਿਆਰੇ ਲਾਲ ਗੁੜਗਾਓਂ ਵਿਚ ਕਿਸੇ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਬੀਤੇ ਦਿਨੀਂ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਬੌਪੁਰ ਪਹੁੰਚਿਆ ਸੀ, ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਇਕਾਂਤਵਾਸ ਵਿਚ ਰਖਿਆ ਗਿਆ ਸੀ ਤੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਲੈ ਲਏ ਗਏ ਸਨ, ਜਿਸ ਦੀ ਅੱਜ ਰਿਪੋਰਟ ਪਾਜ਼ੀਟਿਵ ਆਈ ਹੈ।
ਫਿਲਹਾਲ ਨੌਜਵਾਨ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਡਾ. ਸਿੰਗਾਰਾ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਪਰਿਵਾਰ ਵਿਚੋਂ 7 ਮੈਂਬਰਾਂ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੈਂਪਲ ਲੈ ਕੇ ਵੀ ਲੈਬ ਵਿਚ ਭੇਜ ਦਿੱਤੇ ਗਏ ਹਨ। ਪੁਲਿਸ ਚੌਂਕੀ ਈਸੜੂ ਦੇ ਇੰਚਾਰਜ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਬੌਪੁਰ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਇਸ ਪਿੰਡ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
ਦੱਸਣਯੋਗ ਹੈ ਕਿ ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਬੀਤੇ ਦਿਨ ਸੂਬੇ ਵਿਚੋਂ ਕੋਰੋਨਾਵਾਇਰਸ ਦੇ 30 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ 2270 ਤੋਂ ਵੀ ਵਧ ਹੋ ਗਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 45 ਹੈ। ਦੱਸ ਦੇਈਏ ਕਿ ਐਤਵਾਰ ਨੂੰ ਰੋਪੜ ‘ਚ ਅੱਠ, ਲੁਧਿਆਣਾ ‘ਚ ਨੌਂ, ਹੁਸ਼ਿਆਰਪੁਰ ‘ਚ ਚਾਰ, ਮੋਗਾ ‘ਚ ਇੱਕ, ਅੰਮ੍ਰਿਤਸਰ ‘ਚ ਤਿੰਨ, ਜਲੰਧਰ ‘ਚ ਚਾਰ ਅਤੇ ਬਰਨਾਲਾ ‘ਚ ਇੱਕ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ।