George Floyd death: ਅਮਰੀਕਾ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੰਗਾਮਾ ਜਾਰੀ ਹੈ । ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੜਕਾਂ ‘ਤੇ ਫੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ । ਇਸ ਦੌਰਾਨ ਅਮਰੀਕਾ ਦੇ 23 ਰਾਜਾਂ ਵਿੱਚ 17 ਹਜ਼ਾਰ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ । ਨੈਸ਼ਨਲ ਗਾਰਡ ਨੂੰ ਰਾਜਾਂ ਵਿੱਚ ਹਿੰਸਾ ਨੂੰ ਰੋਕਣ ਦੇ ਨਾਲ ਨਾਲ ਅਮਨ-ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਕਾਨੂੰਨ ਵਿਵਸਥਾ ਦਾ ਪ੍ਰਧਾਨ ਹਾਂ । ਮੈਂ ਹਜ਼ਾਰਾਂ ਹਥਿਆਰਬੰਦ ਸੈਨਿਕਾਂ ਨੂੰ ਹਿੰਸਾ, ਲੁੱਟਮਾਰ, ਭੰਨਤੋੜ, ਹਮਲੇ ਅਤੇ ਅਪਮਾਨ ਨੂੰ ਰੋਕਣ ਲਈ ਭੇਜ ਰਿਹਾ ਹਾਂ । ਫੌਜੀ ਕਰਮਚਾਰੀ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨਗੇ ਜੋ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੇ ਹਨ । ਇਸ ਦੌਰਾਨ ਅਰਕਾਨਸਾਸ ਰਿਪਬਲਿਕਨ ਸੈਨੇਟਰ ਟੌਮ ਕਟਨ ਨੇ ਹਿੰਸਾ ਦੀ ਤੁਲਨਾ ਘਰੇਲੂ ਅੱਤਵਾਦੀ ਨਾਲ ਕੀਤੀ ਹੈ ।
ਗੌਰਤਲਬ ਹੈ ਕਿ ਅਮਰੀਕਾ ਵਿੱਚ ਹਿੰਸਾ ਨੂੰ ਰੋਕਣ ਲਈ 23 ਰਾਜਾਂ ਵਿੱਚ 17 ਹਜ਼ਾਰ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ । ਸੋਮਵਾਰ ਤੋਂ ਨੈਸ਼ਨਲ ਗਾਰਡ ਅਮਰੀਕਾ ਦੀਆਂ ਸੜਕਾਂ ‘ਤੇ ਉਤਰ ਗਏ ਹਨ ਅਤੇ ਰਾਜਾਂ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਵਿਚ ਸਹਾਇਤਾ ਕਰ ਰਹੇ ਹਨ । ਇਸ ਤੋਂ ਪਹਿਲਾਂ ਕੋਰੋਨਾ ਸੰਕਟ ਕਾਰਨ ਸਾਰੇ 50 ਰਾਜਾਂ ਵਿੱਚ 45 ਹਜ਼ਾਰ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਸਨ ।
ਨੈਸ਼ਨਲ ਗਾਰਡ ਦੀ ਤਾਇਨਾਤੀ ਐਰੀਜ਼ੋਨਾ, ਅਲਾਸਕਾ, ਕੈਲੀਫੋਰਨੀਆ, ਕੋਲੋਰਾਡੋ, ਫਲੋਰਿਡਾ, ਜਾਰਜੀਆ, ਇਲੀਨੋਇਸ, ਇੰਡੀਆਨਾ, ਕੈਂਟਕੀ, ਮਿਸ਼ੀਗਨ, ਮਿਨੀਸੋਟਾ, ਨੌਰਥ ਕੈਰੋਲਾਇਨਾ, ਨੇਵਾਦਾ, ਓਹੀਓ, ਪੈਨਸਿਲਵੇਨੀਆ, ਸਾਊਥ ਕੈਰੋਲਿਨਾ, ਸਾਊਥ ਡਕੋਟਾ, ਟੈਨਸੀ, ਟੈਕਸਾਸ, ਯੂਟਾ, ਵਰਜੀਨੀਆ, ਵਾਸ਼ਿੰਗਟਨ ਅਤੇ ਵਿਸਕਾਨਸਿਨ ਵਿੱਚ ਕੀਤੀ ਗਈ ਹੈ ।
ਇਸ ਸਬੰਧੀ ਨੈਸ਼ਨਲ ਗਾਰਡ ਬਿਊਰੋ ਦੇ ਚੀਫ ਏਅਰ ਫੋਰਸ ਦੇ ਜਨਰਲ ਜੋਸਫ ਲੰਗੇਏਲ ਨੇ ਕਿਹਾ ਕਿ ਅਸੀਂ ਸਭ ਤੋਂ ਮੁਸ਼ਕਿਲ ਮਿਸ਼ਨ ਕਰ ਰਹੇ ਹਾਂ । ਅਜਿਹੇ ਮਿਸ਼ਨ ਵਿੱਚ ਸਾਡੇ ਗਾਰਡ ਤਿਆਰ ਹਨ । ਉਹ ਰਾਜਾਂ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਵਿਚ ਸਹਾਇਤਾ ਕਰ ਰਹੇ ਹਨ ।