Corona Positive Person caught by police : ਬਰਨਾਲਾ ਪੁਲਿਸ ਮਹਿਕਮੇ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਰਨਾਲਾ ਪੁਲਿਸ ਵੱਲੋਂ ਮਾਲੇਰਕੋਟਲਾ ਤੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਸੀ, ਜਿਸ ਦਾ ਨਾਂ ਜ਼ੁਲਫੀ ਗੌਰ ਅਲੀ ਸੀ। ਇਸ ਵਿਅਕਤੀ ਨੂੰ ਮਹਿਲ ਕਲਾਂ ਪੁਲਿਸ ਅਤੇ ਸੀਆਈਏ ਸਟਾਫ ਦੇ ਸਾਂਝੇ ਆਪ੍ਰੇਸ਼ਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਸਾਵਧਾਨੀ ਦੇ ਤੌਰ ’ਤੇ ਉਸ ਦਾ ਕੋਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਪਾਜ਼ੀਟਿਵ ਰਿਪੋਰਟ ਬਾਰੇ ਪਤਾ ਲੱਗਣ ’ਤੇ ਪੂਰੇ ਪੁਲਿਸ ਮਹਿਕਮੇ ’ਚ ਭੜਥੂ ਪੈ ਗਿਆ ਕਿਉਂਕਿ ਇਸ ਵਿਅਕਤੀ ਦੇ ਸੰਪਰਕ ਵਿਚ ਕਾਫੀ ਪੁਲਿਸ ਅਧਿਕਾਰੀ ਆਏ ਸਨ। ਵਿਅਕਤੀ ਰਿਪੋਰਟ ਬਾਰੇ ਪਤਾ ਲੱਗਣ ’ਤੇ ਕਈ ਪੁਲਿਸ ਅਧਿਕਾਰੀਆਂ ਨੂੰ ਕੁਆਰੰਟਾਈਨ ਕੀਤਾ ਜਾ ਸਕਦਾ ਹੈ। ਖੁਦ ਐਸਐਸਪੀ ਸੰਦੀਪ ਗੋਇਲ ਨੇ ਵੀ ਉਕਤ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਸੀ। ਇਸ ਤੋਂ ਇਲਾਵਾ ਮਹਿਲ ਕਲਾਂ ਦੀ ਏਸੀਪੀ ਪ੍ਰਗਿਆ ਜੈਨ, ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਅਤੇ ਹੋਰ ਕਈ ਪੁਲਿਸ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਵੱਲੋਂ ਕੁਆਰੰਟਾਈਨ ਕੀਤਾ ਜਾ ਸਕਦਾ ਹੈ। ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਇਸ ਦੇ ਸੰਪਰਕ ਵਿਚ ਆਏ ਸਨ।