Man abducted in Rajpura : ਵੀਰਵਾਰ ਨੂੰ ਘਰ ਤੋਂ ਅਗਵਾ ਕੀਤੇ ਨੌਜਵਾਨ ਨੂੰ ਰਾਜਪੁਰਾ ਪੁਲਿਸ ਵਲੋਂ ਕਾਂਗਰਸੀ ਨੇਤਾ ਦੀ ਫੈਕਟਰੀ ਤੋਂ ਛੁਡਵਾ ਲਿਆ ਗਿਆ। ਇਸ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਰਾਜਪੁਰਾ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਪ੍ਰੇਮ ਨਗਰ ਨਿਵਾਸੀ ਸ਼ਿਵਾਨੀ ਨੇ ਦੱਸਿਆ ਕਿ ਉਸ ਦਾ ਪਤੀ ਸਨਮਪ੍ਰੀਤ ਸਿੰਘ ਰਾਜਪੁਰਾ ਟਾਊਨ ਵਿਚ ਕੱਪੜੇ ਦੇ ਥੋਕ ਵਪਾਰ ਦਾ ਕੰਮ ਕਰਦਾ ਹੈ। ਸ਼ਾਮ ਨੂੰ 4 ਵਜੇ ਉਹ ਘਰ ਬੈਠਾ ਹੋਇਆਸੀ। ਦੋ ਲੋਕ ਆਏ ਅਤੇ ਉਸ ਨੂੰ ਬਾਈਕ ‘ਤੇ ਬਿਠਾ ਕੇ ਲੈ ਗਏ।
ਕੁਝ ਦੇਰ ਬਾਅਦ ਸਨਮਪ੍ਰੀਤ ਦਾ ਫੋਨ ਆਇਆ ਕਿ ਪੈਸਿਆਂ ਦੇ ਲੈਣ-ਦੇਣ ਕਾਰਨ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ। ਪੁਲਿਸ ਨੇ ਅਗਵਾ ਕੀਤੇ ਨੌਜਵਾਨ ਨਾਲ ਸੰਪਰਕ ਬਣਾਇਆ ਤਾਂ ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਉਸ ਨੂੰ ਕਿਸੇ ਫੈਕਟਰੀ ਵਿਚ ਬੰਧਕ ਬਣਾਇਆ ਗਿਆ ਹੈ ਤੇ ਫੈਕਟਰੀ ਦਾ ਗੇਟ ਨੀਲੇ ਰੰਗ ਦਾ ਹੈ। ਪੁਲਿਸ ਨੇ ਫੋਨ ਦੀ ਲੋਕੇਸ਼ਨ ਦੇ ਆਧਾਰ ‘ਤੇ ਰਾਤ ਵਿਚ ਹੋਲੀ ਏਂਜਲ ਸਕੂਲ ਕੋਲ ਸਥਿਤ ਕਾਂਗਰਸੀ ਨੇਤਾ ਦੀ ਫੈਕਟਰੀ ਵਿਚ ਛਾਪਾ ਮਾਰ ਕੇ ਸਨਮਪ੍ਰੀਤ ਸਿੰਘ ਨੂੰ ਛੁਡਵਾਇਆ।
ਸਨਮਪ੍ਰੀਤ ਦੇ ਦਿੱਤੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵਲੋਂ ਰਿੰਕੂ ਸ਼ਰਮਾ ਤੇ ਪੰਕਜ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਫੈਕਟਰੀ ਮਾਲਕ ‘ਤੇ ਵੀ ਕੇਸ ਦਰਜ ਕੀਤਾ ਜਾ ਸਕਦਾ ਹੈ। ਡੀ. ਐੱਸ. ਪੀ. ਰਾਜਪੁਰਾ ਅਕਾਸ਼ਦੀਪ ਸਿੰਘ ਔਲਖ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੁੱਛਗਿਛ ਵਿਚ ਪਤਾ ਲੱਗਾ ਕਿ ਪੈਸਿਆਂ ਦੇ ਲੈਣ-ਦੇਣ ਕਾਰਨ ਸਨਮਪ੍ਰੀਤ ਨੂੰ ਅਗਵਾ ਕੀਤਾ ਗਿਆ ਸੀ। ਉਸ ਨੂੰ ਛੁਡਵਾ ਲਿਆ ਗਿਆ ਹੈ ਤੇ ਮੌਕੇ ਤੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।