machines ordered by Punjab: ਜ਼ਿਲ੍ਹਾ ਹਸਪਤਾਲਾਂ (ਡੀ.ਐਚ.) ਵਿਖੇ ਤੁਰੰਤ ਕੋਰੋਨਾ ਵਾਇਰਸ ਟੈਸਟ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਸ਼ੱਕੀ ਪਾਏ ਜਾਣ ਵਾਲੇ ਫਰੰਟ ਲਾਈਨ ਵਰਕਰਾਂ, ਬਿਮਾਰੀ ਦੇ ਪ੍ਰਬੰਧਨ ਲਈ ਤੁਰੰਤ ਨਿਦਾਨ ਦੀ ਜ਼ਰੂਰਤ ਵਾਲੇ ਬਿਮਾਰ ਮਰੀਜ਼ਾਂ ਅਤੇ ਐਮਰਜੈਂਸੀ ਸਰਜਰੀਆਂ, ਡਾਇਲਸਿਸ ਆਦਿ ਜਿਥੇ ਤੇਜ਼ੀ ਨਾਲ ਰੋਗ ਦੀ ਪਛਾਣ ਨਾਲ ਮਰੀਜ਼ਾਂ ਦੇ ਇਲਾਜ ਦੇ ਬਿਹਤਰ ਪ੍ਰਬੰਧਾਂ ਵਾਸਤੇ ਪੰਜਾਬ ਸਰਕਾਰ 10 ਟਰੂਨਾਟ ਮਸ਼ੀਨਾਂ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਟਰੂਨਾਟ ਮਸ਼ੀਨ ਸਿਰਫ਼ ਨੈਗੇਟਿਵ ਟੈਸਟਾਂ ਦੀ ਪੁਸ਼ਟੀ ਕਰਦੀ ਹੈ ਅਤੇ ਪਾਜ਼ੇਟਿਵ ਨਤੀਜਿਆਂ ਲਈ ਆਰ.ਟੀ.-ਪੀ.ਸੀ.ਆਰ. ਦੁਆਰਾ ਮੁੜ ਪੁਸ਼ਟੀ ਕਰਨ ਦੀ ਲੋੜ ਪੈਂਦੀ ਹੈ।ਪਰ ਹਾਲ ਹੀ ਵਿੱਚ ਆਈਸੀਐਮਆਰ ਨੇ ਟਰੂਨਾਟ ਮਸ਼ੀਨ ਦੇ ਪਾਜ਼ੇਟਿਵ ਟੈਸਟਾਂ ਦੀ ਜਾਂਚ ਦੀ ਪੁਸ਼ਟੀ ਟਰੂਨਾਟ ਮਸ਼ੀਨ ਦੁਆਰਾ ਹੀ ਦੂਜੇ ਪੜਾਅ ਦਾ ਟੈਸਟ ਕਰਕੇ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ। ਇਸ ਮੰਤਵ ਲਈ ਸਰਕਾਰੀ ਹਸਪਤਾਲਾਂ ਜਿਥੇ ਅਜਿਹੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ ਵਿੱਚ ਕਰੋਨਾ ਟੈਸਟ ਕਰਨ ਲਈ ਵਿਸ਼ੇਸ਼ ਚਿੱਪਾਂ ਕੱਲ ਤੱਕ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ। ਫਿਰ ਆਰ ਟੀ-ਪੀਸੀਆਰ ਦੁਆਰਾ ਪਾਜ਼ੇਟਿਵ ਨਤੀਜਿਆਂ ਦੀ ਪੁਸ਼ਟੀ ਲਈ ਨਮੂਨੇ ਭੇਜਣਾ ਜ਼ਰੂਰੀ ਨਹੀਂ ਹੋਵੇਗਾ।
ਇਸ ਵੇਲੇ ਜ਼ਿਲ੍ਹਾ ਹਸਪਤਾਲ ਲੁਧਿਆਣਾ, ਜਲੰਧਰ, ਮਾਨਸਾ, ਬਰਨਾਲਾ ਅਤੇ ਪਠਾਨਕੋਟ ਵਿਖੇ 5 ਟਰੂਨਾਟ ਮਸ਼ੀਨਾਂ ਪਹਿਲਾਂ ਹੀ ਸਥਾਪਤ ਹਨ ਜਦਕਿ 10 ਹੋਰ ਮਸ਼ੀਨਾਂ ਬਠਿੰਡਾ, ਫਾਜਲਿਕਾ, ਗੁਰਦਾਸਪੁਰ, ਹੁਸਆਿਰਪੁਰ, ਕਪੂਰਥਲਾ, ਮੋਗਾ, ਮੁਕਤਸਰ ਸਾਹਿਬ, ਐਸ.ਬੀ.ਐੱਸ. ਨਗਰ, ਰੋਪੜ ਅਤੇ ਸੰਗਰੂਰ ਵਿਖੇ ਲਗਾਈਆਂ ਜਾਣਗੀਆਂ। ਟਰੂਨਾਟ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜ ਪ੍ਰਣਾਲੀ ਬਾਰੇ ਦੱਸਦਿਆਂ ਸ. ਸਿੱਧੂ ਨੇ ਕਿਹਾ ਕਿ ਟਰੂਨਾਟ ਮਸ਼ੀਨਾਂ ਲਈ ਏ.ਸੀ. ਜਾਂ ਵਿਸ਼ੇਸ਼ ਬਾਇਓ-ਸੇਫਟੀ ਕੈਬਨਿਟ ਦੀ ਜ਼ਰੂਰਤ ਨਹੀਂ ਹੈ, ਇਸਨੂੰ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਵੀ ਆਸਾਨੀ ਨਾਲ ਸਥਾਪਤ ਕੀਤਾ ਜਾ ਸਕਦਾ ਹੈ। ਇੱਕ ਟਰੂਨਾਟ ਮਸ਼ੀਨ ‘ਤੇ ਇੱਕ ਸਮੇਂ ਕੋਵਿਡ -19 ਦਾ ਟੈਸਟ ਕਰਨ ਲਈ ਇੱਕ ਘੰਟਾ ਲੱਗ ਸਕਦਾ ਹੈ। ਇੱਕ ਨਿਸ਼ਚਿਤ ਸਮੇਂ ਵਿੱਚ ਦੋ ਨਮੂਨਿਆਂ ਦੀ ਇੱਕੋ ਸਮੇਂ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਰੂਨਾਟ ਮਸ਼ੀਨਾਂ ਤੋਂ ਇਲਾਵਾ, ਕੋਵਿਡ-19 ਦੀ ਟੈਸਟਿੰਗ ਲਈ ਪਟਿਆਲਾ ਦੇ ਟੀ.ਬੀ. ਹਸਪਤਾਲ ਅਤੇ ਜੀ.ਐਮ.ਸੀ. ਫਰੀਦਕੋਟ ਵਿਖੇ ਇੱਕ-ਇੱਕ ਸੀਬੀਨਾਟ ਮਸ਼ੀਨ ਵੀ ਸਥਾਪਤ ਹੈ ਜਿਸ ਦੁਆਰਾ ਇੱਕ ਘੰਟੇ ਵਿੱਚ 4 ਨਮੂਨਿਆਂ ਦੀ ਇੱਕੋ ਸਮੇਂ ਜਾਂਚ ਕੀਤੀ ਜਾ ਸਕਦੀ ਹੈ ਪਰ ਇਸ ਲਈ ਏ.ਸੀ. ਅਤੇ ਵਿਸ਼ੇਸ਼ ਬਾਇਓ-ਸੇਫਟੀ ਕੈਬਨਿਟ ਦੀ ਜ਼ਰੂਰਤ ਹੈ। ਹੁਣ ਤੱਕ ਇਨ੍ਹਾਂ ਮਸ਼ੀਨਾਂ ‘ਤੇ ਤਕਰੀਬਨ 194 ਟੈਸਟ ਕੀਤੇ ਜਾ ਚੁੱਕੇ ਹਨ।
ਰੋਜ਼ਾਨਾ ਹੋਣ ਵਾਲੀਆਂ ਟੈਸਟਿੰਗ ਦੇ ਵਿੱਚ ਵਾਧਾ ਕਰਦੇ ਹੋਏ ਟਰੂਨਾਟ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰਨ ਦੇ ਲਈ ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਮਸ਼ੀਨਾਂ ਲਈ ਮਾਈਕਰੋਬਾਇਓਲੋਜਿਸਟ / ਪੈਥੋਲੋਜਿਸਟ / ਮੈਡੀਕਲ ਅਫਸਰ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇ। ਕਾਬਿਲੇਗੌਰ ਹੈ ਕਿ ਇਹ ਮਸ਼ੀਨਾਂ ਜਿਹੜੀਆਂ ਸ਼ੁਰੂ ਵਿੱਚ ਟੀਬੀ ਦੇ ਟੈਸਟ ਲਈ ਵਰਤੀਆਂ ਜਾਂਦੀਆਂ ਸਨ, ਦੀ ਵਰਤੋਂ ਜ਼ਿਲ੍ਹਾ ਪੱਧਰ’ ਤੇ ਜਾਂਚ ਪ੍ਰਕਿਰਿਆ ਸ਼ੁਰੂ ਕਰਨ ਲਈ ਜ਼ਿਲ੍ਹਾ ਹਸਪਤਾਲਾਂ ਵਿੱਚ ਕੋਵਿਡ -19 ਦੀ ਟੈਸਟਿੰਗ ਲਈ ਕੀਤੀ ਜਾ ਰਹੀ ਹੈ। ਨਮੂਨੇ ਲੈਣ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ-19 ਦੇ ਨਮੂਨੇ ਲੈਣ ਅਤੇ ਪੈਕਿੰਗ ਲਈ ਆਯੂਸ਼ ਮੈਡੀਕਲ ਅਫ਼ਸਰਾਂ ਅਤੇ ਰੂਰਲ ਮੈਡੀਕਲ ਅਫ਼ਸਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਕਰੋਨਾਵਾਇਰਸ ਦੇ ਟੈਸਟਾਂ ਲਈ ਰੋਜ਼ਾਨਾ 7,000 ਨਮੂਨੇ ਲਏ ਜਾ ਰਹੇ ਹਨ।