Corona Rage in Jalandhar and Pathankot : ਜਲੰਧਰ ਤੇ ਪਠਾਨਕੋਟ ’ਚ ਅੱਜ ਫਿਰ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ, ਜਿਥੇ ਜਲੰਧਰ ਤੋਂ 12 ਤੇ ਪਠਾਨਕੋਟ ਤੋਂ 19 ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਜਲੰਧਰ ’ਚ ਸਾਹਮਣੇ ਆਏ 12 ਮਾਮਲਿਆਂ ਵਿਚ ਇਕੋ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਪਰਿਵਾਰ ਬੀਤੇ ਦਿਨੀਂ ਹੀ ਦਿੱਲੀ ਤੋਂ ਵਾਪਿਸ ਪਰਤਿਆ ਸੀ। ਇਨ੍ਹਾਂ ਵਿਚੋਂ ਇਕ ਔਰਤ ਦੁਬਈ ਤੋਂ ਵਾਪਿਸ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੂੰ ਸੋਮਵਾਰ ਨੂੰ ਲਏ ਗਏ ਸੈਂਪਲਾਂ ਦੀਆਂ 574 ਰਿਪੋਰਟਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 12 ਮਾਮਲੇ ਅੱਜ ਪਾਜ਼ੀਟਿਵ ਪਾਏ ਗਏ ਹਨ।
ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਜਲੰਧਰ ਵਿਚ ਪਾਜ਼ੀਟਿਵ ਕੇਸਾਂ ਦੀ ਹਿਣਤੀ ਹੁਣ 331 ਹੋ ਗਈ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਲਏ ਗਏ ਸੈਂਪਲਾਂ ਦੀ ਰਿਪੋਰਟ ਅੱਜ ਚਾਰ ਦਿਨ ਬਾਅਦ ਮਿਲੀ ਹੈ, ਜਿਨ੍ਹਾਂ ਵਿਚੋਂ 12 ਮਾਮਲੇ ਪਾਜ਼ੀਟਿਵ ਹਨ। ਇਨ੍ਹਾਂ ਵਿਚੋਂ ਚਾਰ ਪਾਜ਼ੀਟਿਵ ਆਏ ਮਰੀਜ਼ ਪਿਛਲੇ ਚਾਰ ਦਿਨਾਂ ਤੋਂ ਹੀ ਸ਼ਹਿਰ ਵਿਚ ਘੁੰਮ ਰਹੇ ਹਨ, ਜੋਕਿ ਬਹੁਤ ਹੀ ਖਤਰੇ ਵਾਲੀ ਗੱਲ ਹੈ।
ਉਧਰ ਪਠਾਨਕੋਟ ਜ਼ਿਲੇ ਵਿਚ ਵੀ ਅੱਜ ਫਿਰ ਕੋਰੋਨਾ ਦੇ ਵੱਡੀ ਗਿਣਤੀ ਵਿਚ 19 ਮਾਮਲੇ ਸਾਹਮਣੇ ਆਏ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚ ਇਕ 3 ਸਾਲਾ ਤੇ 6 ਸਾਲਾ ਬੱਚੇ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 132 ਹੋ ਗਈ ਹੈ, ਜਿਨ੍ਹਾਂ ਵਿਚੋਂ 65 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਸਮੇਂ ਜ਼ਿਲੇ ਵਿਚ ਕੁਲ ਐਕਟਿਵ ਮਾਮਲੇ 65 ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।