Instructions to Civil Surgeon : ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਮੂਹ ਸਿਵਲ ਸਰਜਨਾਂ ਨੂੰ ਹੋਮ ਕੁਆਰੰਟਾਈਨ ਅਧੀਨ ਵਿਅਕਤੀਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀਆਂ ਹਿਦਾਇਤਾਂ ਦਿੰਦਿਆਂ ਕਿਹਾ ਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਕੋਵਿਡ-19 ਤੋਂ ਪ੍ਰਭਾਵਿਤ ਹੋਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫਤੇ ਦੇ ਅਖੀਰਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਦੌਰਾਨ ਲੌਕਡਾਊਨ ਦੇ ਹੁਕਮ ਜਾਰੀ ਕੀਤੇ ਹਨ, ਜੋਕਿ ਯਕੀਨਨ ਮਦਦਗਾਰ ਸਿਧ ਹੋਵੇਗਾ। ਕਿਉਂਕਿ ਦੇਸ਼ ਦੀ ਰਾਜਧਾਨੀ ਰਾਹੀਂ ਵੱਡੀ ਗਿਣਤੀ ਵਿਚ ਯਾਤਰੀ ਹਵਾਈ, ਰੇਲ ਅਤੇ ਸੜਕੀ ਆਵਾਜਾਈ ਦੇ ਵਾਹਨਾਂ ਜ਼ਰੀਏ ਲਗਾਤਾਰ ਪੰਜਾਬ ਵਿਚ ਆ ਰਹੇ ਹਨ। ਸ. ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤਕਰੀਬਨ 18,929 ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੀ ਜਾਂਚ ਲਈ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਤੋਂ ਇਲਾਵਾ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਅਧੀਨ ਇਨ੍ਹਾਂ ਟੀਮਾਂ ਵੱਲੋਂ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕੈਦੀਆਂ ਵਿਚ ਕੋਰੋਨਾ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਲਈ ਕੋਵਿਡ-19 ਆਰਟੀ-ਪੀਸੀਆਰ ਟੈਸਟ ਕਰਵਾਏ ਜਾਣਗੇ। ਨਜ਼ਦੀਕੀ ਸਿਹਤ ਸਹੂਲਤ ’ਤੇ ਸੈਂਪਲ ਲਏ ਜਾਣ ਅਤੇ ਪਹਿਲ ਦੇ ਆਧਾਰ ’ਤੇ ਜਾਂਚੇ ਜਾਣਗੇ ਤੇ ਸਰਾਕਰੀ ਲੈਬ ਨੂੰ ਭੇਜੇ ਜਾਣਗੇ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸਪੈਸ਼ਲ ਜੇਲ੍ਹਾਂ ਤੋਂ ਰੈਗੂਲਰ ਜੇਲ੍ਹਾਂ ਵਿਚ ਤਬਦੀਲ ਕਰਨ ਤੋਂ ਪਹਿਲਾਂ ਸਾਰੇ ਕੈਦੀਆਂ ਨੂੰ ਕੋਵਿਡ-19 ਆਰਟੀ-ਪੀਸੀਆਰ ਟੈਸਟ ਵੀ ਕਰਵਾਇਆ ਜਾਵੇਗਾ। ਜੇਕਰ ਲਏ ਜਾਣ ਵਾਲੇ ਸੈਂਪਲਾਂ ਦੀ ਗਿਣਤੀ 40 ਅਤੇ ਇਸ ਤੋਂ ਵੱਧ ਹੈ ਤਾਂ ਸਿਹਤ ਵਿਭਾਗ ਦੀ ਇਕ ਮੈਡੀਕਲ ਟੀਮ ਨਮੂਨੇ ਇਕੱਤਰ ਕਰਨ ਲਈ ਜੇਲ੍ਹ ਵਿਚ ਜਾਏਗੀ 40 ਤੋਂ ਘੱਟ ਹੋਣ ਦੀ ਸੂਰਤ ਵਿਚ ਕੈਦੀਆਂ ਨੂੰ ਨਜ਼ਦੀਕੀ ਸੈਂਪਲ ਕੁਲੈਕਸ਼ਨ ਕੇਂਦਰ ਵਿਖੇ ਲਿਜਾਇਆ ਜਾਵੇਗਾ।
ਜੇਲ੍ਹ ਵਿਭਾਗ ਅਤੇ ਪੁਲਿਸ ਵਿਭਾਗ ਦੇ ਨਾਲ ਕੰਮ ਕਰ ਰਹੇ ਕੋਵਿਡ-19 ਦੇ ਨਮੂਨੇ ਇਕੱਤਰ ਕਰਨ ਅਤੇ ਪੈਕ ਕਰਨ ਲਈ ਸਿਹਤ ਕਰਮਚਾਰੀਆਂ ਦੀ ਸਿਖਲਾਈ ਨੂੰ ਰੇਖਾਂਕਿਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਅਤੇ ਪੁਲਿਸ ਵਿਚ ਤਾਇਨਾਤ ਸਾਰੇ ਸਿਹਤ ਸਟਾਫ (ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ) ਨੂੰ ਸੈਂਪਲ ਇਕੱਤਰ ਕਰਨ ਅਤੇ ਆਰਟੀ-ਪੀਸੀਆਰ ਕੋਵਿਡ-19 ਟੈਸਟਿੰਗ ਲਈ ਨਾਸੋਫੈਰੈਂਜੀਅਲ/ ਓਰੋਫੈਰਨੀਜਲ ਸਵੈਬਜ਼ ਦੀ ਪੈਕਿੰਗ ਸਬੰਧੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਸਿਖਲਾਈ ਤੋਂ ਬਾਅਦ ਜੇਲ੍ਹ ਵਿਭਾਗ ਅਤੇ ਪੁਲਿਸ ਨਾਲ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਜੇਲ੍ਹ ਕੈਦੀਆਂ ਅਤੇ ਪੁਲਿਸ ਕਰਮਚਾਰੀਆਂ ਦੇ ਨਮੂਨੇ ਰੈਗੂਲਰ ਇਕੱਠੇ ਕਰੇਗਾ ਅਤੇ ਟੈਸਟ ਲਈ ਲੈਬਜ਼ ਵਿਚ ਜਮ੍ਹਾ ਕਰਵਾਉਣ ਲਈ ਜ਼ਿਲ੍ਹਾ ਹੈੱਡਕੁਆਰਟਰ ਭੇਜਣ ਲਈ ਪ੍ਰੋਟੋਕੋਲ ਅਨੁਸਾਰ ਪੈਕ ਕਰੇਗਾ। ਸਿਵਲ ਸਰਜਨ ਨੂੰ ਆਰਟੀ-ਪੀਸੀਆਰ ਐਪ ’ਤੇ ਰੀਅਲ ਟਾਈਮ ਫੀਡਿੰਗ ਲਈ ਇਨ੍ਹਾਂ ਵਿਭਾਗਾਂ ਵੱਲੋਂ ਸੂਚੀਬੱਧ ਕੀਤੇ ਗਏ ਕੇਂਦਰਾਂ ਨੂੰ ਕੁਲੈਕਸ਼ਨ ਸੈਂਟਰ-ਆਈਡੀ ਨਿਰਧਾਰਤ ਕਰਨਾ ਹੋਵੇਗਾ ਅਤੇ ਨਾਲ ਹੀ ਨਮੂਨਾ ਇਕੱਠਾ ਕਰਨ ਅਤੇ ਪੈਕਿੰਗ ਲਈ ਲੋਜਿਸਟਿਕ ਪ੍ਰਦਾਨ ਕਰਨਾ ਚਾਹੀਦਾ ਹੈ।