Fourteen Cases of Corona : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਿਆਂ ਵਿਚ ਜ਼ਿਲਾ ਪਠਾਨਕੋਟ ਤੋਂ ਅੱਜ 8 ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਵਿਚ ਮਿਲੇ 8 ਪਾਜ਼ੀਟਿਵ ਮਰੀਜ਼ਾਂ ਵਿਚੋਂ ਦੋ ਲੋਕ ਦੂਸਰੇ ਜ਼ਿਲੇ ਦੇ ਦੱਸੇ ਜਾ ਰਹੇ ਹਨ ਅਤੇ ਇਕ ਮਰੀਜ਼ ਦਿਹਾਤੀ ਇਲਾਕੇ ਤੋਂ ਹੈ, ਜਦਕਿ ਪੰਜ ਪਠਾਨਕੋਟ ਦੇ ਹੀ ਵਸਨੀਕ ਹਨ। ਇਨ੍ਹਾਂ ਮਾਮਲਿਆਂ ਦੇ ਆਉਣ ਨਾਲ ਹੁਣ ਜ਼ਿਲੇ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 165 ਹੋ ਗਈ ਹੈ, ਜਿਨ੍ਹਾਂ ਵਿਚੋਂ 104 ਲੋਕਾਂ ਨੂੰ ਕੋਰੋਨਾ ਨੂੰ ਮਾਤ ਦੇਣ ’ਤੇ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਜ਼ਿਲੇ ਵਿਚ ਕੁਲ 56 ਐਕਟਿਵ ਮਾਮਲੇ ਹਨ। ਦੱਸ ਦੇਈਏ ਕਿ ਜ਼ਿਲੇ ਵਿਚ 5 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ।
ਉਧਰ ਸ੍ਰੀ ਮੁਕਤਸਰ ਸਾਹਿਬ ’ਚ ਜਿਹੜੇ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਉਨ੍ਹਾਂ ਵਿਚੋਂ 2 ਮਰਦ, 2 ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਇਹ ਲੋਕ ਜ਼ਿਲੇ ਦੀ ਭੁੱਲਰ ਕਾਲੋਨੀ ਅਤੇ ਅਬੋਹਰ ਰੋਡ ਨਾਲ ਸਬੰਧਤ ਹਨ। ਇਨ੍ਹਾਂ ਨਵੇਂ 6 ਮਾਮਲਿਆਂ ਦੇ ਆਉਣ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 79 ਹੋ ਗਈ ਹੈ, ਜਦਕਿ ਇਸ ਸਮੇਂ ਕੋਰੋਨਾ ਦੇ 7 ਐਕਟਿਵ ਮਾਮਲੇ ਹਨ।
ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 13,586 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਕੁਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3,80,532 ਹੋ ਗਈ ਹੈ। ਬੀਤੇ ਦਿਨ ਦੇਸ਼ ਵਿਚ 336 ਲੋਕਾਂ ਦੀ ਕੋਰੋਨਾ ਨਾਲ ਜਾਨ ਗਈ ਹੈ, ਜਿਸ ਨਾਲ ਕੁਲ ਮ੍ਰਿਤਕਾਂ ਦੀ ਗਿਣਤੀ 12,573 ਹੋ ਗਈ ਹੈ। ਹੁਣ ਤੱਕ 2,04,711 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ, ਜਦਕਿ ਅਜੇ ਵੀ ਕੋਰੋਨਾ ਦੇ 1,63,248 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।