Awareness campaign: ਮਾਨਸਾ, 26 ਜੂਨ: ਸਿਹਤ ਵਿਭਾਗ, ਮਾਨਸਾ ਵੱਲੋਂ ਡਾ. ਲਾਲ ਚੰਦ ਠਕਰਾਲ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਠੂਠਿਆਂਵਾਲੀ ਰੋਡ ਮਾਨਸਾ ਵਿਖੇ ਮਨਾਇਆ ਗਿਆ। ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਸ ਕੇਂਦਰ ਤੋਂ 39 ਵਿਅਕਤੀ ਨਸ਼ਾ ਛੱਡ ਚੁੱਕੇ ਹਨ ਅਤੇ 2 ਹਜ਼ਾਰ ਵਿਅਕਤੀ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈ ਰਹੇ ਹਨ। ਉਨ੍ਹਾਂ ਦਵਾਈ ਲੈ ਰਹੇ ਵਿਅਕਤੀਆਂ ਨੂੰ ਕਿਹਾ ਕਿ ਉਹ ਆਪਣੀ ਦਵਾਈ ਦੀ ਡੋਜ਼ ਘਟਾਉਂਦੇ ਹੋਏ ਨਸ਼ੇ ਨੂੰ ਤਿਆਗ ਕੇ ਵਧੀਆ ਜ਼ਿੰਦਗੀ ਦੀ ਸ਼ੁਰੂਆਤ ਕਰਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਉਮਰ ਵਿਚ ਨਸ਼ੇ ਦਾ ਸੇਵਨ ਭਵਿੱਖ ਤੋਂ ਭਟਕਾ ਦਿੰਦਾ ਹੈ ਇਸ ਲਈ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ।
ਡਿਪਟੀ ਮੈਡੀਕਲ ਅਫ਼ਸਰ ਡਾ. ਰਣਜੀਤ ਰਾਏ ਨੇ ਕੋਰੋਨਾ ਦੀ ਚੱਲ ਰਹੀ ਮਹਾਂਮਾਰੀ ਦੌਰਾਨ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਕੋਰੋਨਾ ਦੀ ਬਿਮਾਰੀ ਆਪਣੀ ਚਪੇਟ ਵਿਚ ਜਲਦੀ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 5 ਓਟ ਕੇਂਦਰ ਸਰਦੂਲਗੜ੍ਹ, ਬੁਢਲਾਡਾ, ਭੀਖੀ, ਝੁਨੀਰ ਅਤੇ ਠੂਠਿਆਂਵਾਲੀ ਤੋਂ ਇਲਾਵਾ ਇਕ ਨਸ਼ਾ ਛੁਡਾਊ ਕੇਂਦਰ ਖਿਆਲਾ ਕਲਾਂ ਵਿਖੇ ਅਤੇ ਇਕ ਮੁੜ ਵਸੇਬਾ ਕੇਂਦਰ ਠੂਠਿਆਂਵਾਲੀ ਰੋਡ ਮਾਨਸਾ ਵਿਖੇ ਚੱਲ ਰਿਹਾ ਹੈ ਜਿੱਥੇ ਕਾਊਂਸਲਰਾਂ ਵੱਲੋਂ ਨਸ਼ਾ ਕਰ ਰਹੇ ਵਿਅਕਤੀਆਂ ਦੀ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਨਸ਼ੇ ਦੀ ਆਦਤ ਤੋਂ ਪ੍ਰਹੇਜ਼ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਹਿਤ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਨਸ਼ਾ ਵਿਰੋਧੀ ਪੈਂਫਲੇਟ ਅਤੇ ਸਟਿੱਕਰ ਜਾਰੀ ਕਰਕੇ ਕੀਤੀ ਗਈ। ਨਹਿਰੂ ਯੁਵਾ ਕੇਂਦਰ ਦੇ ਯੂਥ ਕੋਆਰਡੀਨੇਟਰ ਸ੍ਰੀਮਤੀ ਪਰਮਜੀਤ ਅਤੇ ਸੀਨੀਅਰ ਲੇਖਾਕਾਰ ਸ੍ਰੀ ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਦਸ ਹਜ਼ਾਰ ਸਟਿੱਕਰ ਅਤੇ ਪੈਂਫਲੇਟ ਛਪਵਾਏ ਗਏ ਹਨ ਜਿਸ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕੋਰੋਨਾ ਦੇ ਨਾਲ ਨਾਲ ਨਸ਼ਿਆਂ ਬਾਰੇ ਵੀ ਜਾਗਰੂਕ ਕਰਨਗੇ।
ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਹੇਠ ਅਕਲੀਆ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਸਹੁੰ ਚੁਕਵਾ ਕੇ ਕਰੋਨਾ ਜਾਗਰੂਕਤਾ ਮੁਹਿੰਮ ਨਾਲ ਜੋੜ ਕੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਵੱਖ-ਵੱਖ ਕਲੱਬਾਂ ਦੇ ਨੌਜਵਾਨਾਂ ਦੀ ਹਾਜ਼ਰੀ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਪ੍ਰੇਰਦੇ ਹੋਏ ਸਹਾਇਕ ਡਾਇਰੈਕਟਰ ਮਾਨ ਨੇ ਕਿਹਾ ਕਿ ਨਸ਼ੇ ਜਿੱਥੇ ਸਮਾਜਿਕ ਕਦਰਾਂ ਕੀਮਤਾਂ ਨੂੰ ਖੋਖਲਾ ਕਰਦੇ ਹਨ ਉੱਥੇ ਹੀ ਆਰਥਿਕ ਤੌਰ ’ਤੇ ਵੀ ਕਮਜ਼ੋਰ ਕਰਦੇ ਹਨ ਇਸ ਲਈ ਨਸ਼ਿਆਂ ਤੋਂ ਦੂਰ ਰਹਿ ਕੇ ਨਰੋਆ ਸਮਾਜ ਸਿਰਜਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਨਾਲ ਕਰੋਨਾ ਵਰਗੀ ਭਿਆਂਨਕ ਬਿਮਾਰੀ ਨੂੰ ਵੀ ਮਾਤ ਪਾਈ ਜਾ ਸਕਦੀ ਹੈ ਇਸ ਲਈ ਨੌਜਵਾਨਾਂ ਨੂੰ ਘਰ-ਘਰ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਕਰੋਨਾ ਦੇ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਗਰੂਕ ਕਰਨ ਦੀ ਲੋੜ ਹੈ । ਨੌਜਵਾਨਾਂ ਨੇ ਕਿਹਾ ਕਿ ਉਹ ਆਪਣੇ-ਆਪਣੇ ਪੱਧਰ ’ਤੇ ਪਿੰਡਾਂ ਵਿੱਚ ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਵਿੱਚ ਸੂਬਾ ਸਰਕਾਰ ਦੀ ਹਦਾਇਤਾਂ ਦੇ ਪਾਲਣ ਲਈ ਜਾਗਰੂਕ ਕਰਨਗੇ । ਇਸ ਤੋਂ ਇਲਾਵਾ ਸਿੱਖਿਆ ਵਿਭਾਗ, ਮਾਨਸਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸ੍ਰੀ ਸੁਰਜੀਤ ਸਿੰਘ ਸਿੱਧੂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਸ੍ਰੀ ਜਗਰੂਪ ਭਾਰਤੀ ਦੀ ਰਹਿਨੁਮਾਈ ਹੇਠ ਬੱਡੀਜ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਆਪਣੇ ਸਥਾਨ ਤੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਆਨਲਾਈਨ ਪ੍ਰਣ ਲਿਆ। ਸਰਪੰਚਾਂ, ਪੰਚਾਂ ਅਤੇ ਮੈਂਬਰਾਂ ਦੁਆਰਾ ਵੀ ਪੋਸਟਰ ਲਗਾ ਕੇ ਲੋਕਾਂ ਨੂੰ ਨਸ਼ੇ ਦੀ ਮਾੜੀ ਅਲ੍ਹਾਮਤ ਤੋਂ ਬਚੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਨਿਰਮਲ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਦੁਆਰਾ ਕੰਪਾਇਲ ਕੀਤੇ ਗਏ।