Excise department seizes 1400 : ਬਟਾਲਾ ਵਿਖੇ ਐਕਸਾਈਸ ਵਿਭਾਗ ਵੱਲੋਂ ਬੀਤੇ ਦਿਨ 1400 ਲਿਟਰ ਅਲਕੋਹਲ ਬਰਾਮਦ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਨਵੀਂ ਅਬਾਦੀ ਉਮਰਪੁਰਾ ਸਥਿਤ ਉਸਾਰੀ ਅਧੀਨ ਇਕ ਘਰ ਵਿਚ ਐਕਸਾਈਜ਼ ਵਿਭਾਗ ਦੀ ਸਪੈਸ਼ਲ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ, ਜਿਥੋਂ ਨਕਲੀ ਸ਼ਰਾਬ ਬਣਾਉਣ ਦੇ ਦੋਸ਼ ਹੇਠ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਗਿਆ ਹੈ। ਹੁਣ ਐਕਸਾਈਜ਼ ਵਿਭਾਗ ਦੋਸ਼ੀਆਂ ਦੀ ਨਿਸ਼ਾਨਦੇਰੀ ’ਤੇ ਹੋਰ ਥਾਵਾਂ ’ਤੇ ਵੀ ਛਾਪੇਮਾਰੀ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵੀਂ ਆਬਾਦੀ ਉਮਰਪੁਰਾ ਇਲਾਕੇ ਵਿਚ ਇਕ ਉਸਾਰੀ ਅਧੀਨ ਘਰ ਵਿਚ ਸ਼ਰਾਬ ਤਿਆਰ ਕਰਕੇ ਵੇਚੀ ਜਾਂਦੀ ਹੈ। ਇਸੇ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਘਰ ਵਿਚ ਛਾਪੇਮਾਰੀ ਕੀਤੀ, ਜਿਥੇ ਉਨ੍ਹਾਂ ਨੂੰ ਮੌਕੇ ਤੋਂ 1400 ਲਿਟਰ ਅਲਕੋਹਲ ਬਰਾਮਦ ਹੋਈ, ਜੋਕਿ ਪਲਾਸਿਟਕ ਦੇ 40 ਕੈਨਾਂ ਵਿਚ ਭਰੀ ਗਈ ਸੀ।
ਮੌਕੇ ਤੋਂ ਘਰ ਦੀ ਮਾਲਕਿਣ ਅਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਗਿਆ। ਦੱਸਣਯੋਗ ਹੈ ਕਿ ਔਰਤ ਦਾ ਪਤੀ ਅਤੇ ਦਿਓਰ ਦੋਵੇਂ ਹੀ ਅਲਕੋਹਲ ਨਾਲ ਨਕਲੀ ਸ਼ਰਾਬ ਤਿਆਰ ਕਰਕੇ ਵੇਚਦੇ ਸਨ। ਉਨ੍ਹਾਂਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਲੋਕ ਪਹਿਲਾਂ ਪਿੰਡ ਸ਼ਾਮਪੁਰਾ ਵਿਚ ਰਹਿ ਕੇ ਸ਼ਰਾਬ ਦੀ ਤਸਕਰੀ ਕਰਦੇ ਸਨ। ਥਾਣਾ ਸਿਵਲ ਲਾਈਨ ਦੇ ਐਸਐਚਓ ਪਰਮਜੀਤ ਸਿੰਘ ਨੇ ਦੱਸਿਆ ਕਿ ਔਰਤ ਦੀ ਨਿਸ਼ਾਨਦੇਹੀ ’ਤੇ ਹੋਰ ਥਾਵਾਂ ’ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਇਸ ਸਬੰਧੀ ਬਾਕੀ ਜਾਣਕਾਰੀ ਛਾਪੇ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਮਿਲ ਸਕੇਗੀ।