Sixteen Cases of Corona : ਪੰਜਾਬ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ’ਚ ਮੋਗਾ ਤੋਂ ਕੋਰੋਨਾ ਦੇ 15 ਤੇ ਜ਼ੀਰਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਤੋਂ ਅੱਜ ਮਿਲੇ ਨਵੇਂ ਮਾਮਲਿਆਂ ਵਿਚ 3 ਪੁਲਿਸ ਮੁਲਾਜ਼ਮ ਤੇ ਇਕ ਰਿਮਾਂਡ ’ਤੇ ਆਏ ਮੁਲਜ਼ਮ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ 1 ਟੀਬੀ ਦਾ ਮਰੀਜ਼, 3 ਕੁਵੈਤ ਤੋਂ ਪਰਤੇ ਤੇ ਪੰਜ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਾਲੇ ਹਨ। ਦੱਸਣਯੋਗ ਹੈ ਕਿ ਇਹ 15 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮੋਗਾ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 136 ਹੋ ਗਈ ਹੈ, ਉਥੇ ਹੀ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਥੇ ਹੀ ਜ਼ੀਰਾ ਵਿਚ ਫਰੀਦਕੋਟ ਹਸਪਤਾਲ ਵਿਚ ਦਾਖਲ ਇਕ ਬਜ਼ੁਰਗ ਔਰਤ ਦੀ ਰਿਪੋਰਟ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਮਾਮਲੇ ਦੀ ਪੁਸ਼ਟੀ ਐਸਐਮਓ ਮਨਜੀਤ ਕੌਰ ਨੇ ਕੀਤੀ। ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦਾ ਕਹਿਰ ਹੁਣ ਤੇਜ਼ੀ ਫੜਦਾ ਜਾ ਰਿਹਾ ਹੈ। ਜਿਥੇ ਬੀਤੇ ਦਿਨ ਸੂਬੇ ਵਿਚ 4 ਹੋਰ ਮੌਤਾਂ ਹੋਈਆਂ ਹਨ ਉਥੇ 280 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ, ਜਿਸ ਨਾਲ ਪੰਜਾਬ ਵਿਚ ਮੌਤਾਂ ਦਾ ਅੰਕੜਾ ਜਿਥੇ 172 ਤਕ ਪਹੁੰਚ ਗਿਆ ਹੈ, ਉਥੇ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ 6500 ਤੋਂ ਪਾਰ ਹੋ ਚੁੱਕੀ ਹੈ।