Trump Moves Pull US Out: ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਸੰਕ੍ਰਮਣ ਵਿਚਕਾਰ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨਾਲ ਸਬੰਧ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। WHO ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਸਿਹਤ ਸੰਬੰਧੀ ਸੰਸਥਾ ਹੈ। ਹਾਲ ਹੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਜੜ੍ਹ ਨੂੰ ਲੈ ਕੇ ਅਮਰੀਕਾ ਅਤੇ WHO ਦੇ ਵਿੱਚ ਇੱਕ ਭਿਆਨਕ ਵਿਵਾਦ ਹੋਇਆ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਦੀ ਲਾਗ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ WHO ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਚੀਨ ਨੇ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਈ ਹੈ।
WHO ਤੋਂ ਵੱਖ ਹੋਣ ਲਈ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੂੰ ਦਸਤਾਵੇਜ਼ ਸੌਂਪੇ ਹਨ। WHO ਤੋਂ ਵੱਖ ਹੋਣ ਲਈ ਨਿਯਮਾਂ ਦੇ ਅਨੁਸਾਰ 1 ਸਾਲ ਪਹਿਲਾਂ ਜਾਣਕਾਰੀ ਦੇਣਾ ਲਾਜ਼ਮੀ ਹੈ। ਇਸ ਤਰੀਕੇ ਨਾਲ ਅਮਰੀਕਾ 6 ਜੁਲਾਈ 2021 ਤੋਂ ਪਹਿਲਾਂ WHO ਤੋਂ ਵੱਖ ਨਹੀਂ ਹੋ ਸਕਦਾ। ਇਸਦਾ ਅਰਥ ਹੈ ਕਿ ਇਸ ਫੈਸਲੇ ਨੂੰ ਵੀ ਇਸ ਇਕ ਸਾਲ ਦੇ ਅੰਦਰ ਬਦਲਿਆ ਜਾ ਸਕਦਾ ਹੈ। ਸੈਨੇਟਰ ਬੌਬ ਮੈਨਨਡੇਜ਼ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ WHO ਤੋਂ ਵੱਖ ਹੋਣ ਦੀ ਸੂਚਨਾ ਯੂਐਸ ਕਾਂਗਰਸ ਨੂੰ ਦੇ ਦਿੱਤੀ ਹੈ।
ਦੱਸ ਦੇਈਏ ਕਿ ਮਈ ਮਹੀਨੇ ਦੌਰਾਨ ਜਦੋਂ ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਸਿਖਰ ‘ਤੇ ਸੀ, ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਦਾ ਦੇਸ਼ ਵਿਸ਼ਵ ਸਿਹਤ ਸੰਗਠਨ ਨਾਲ ਸਬੰਧ ਖ਼ਤਮ ਕਰਨ ਜਾ ਰਿਹਾ ਹੈ । ਇਸ ਤੋਂ ਪਹਿਲਾਂ ਟਰੰਪ ਨੇ ਅਪ੍ਰੈਲ ਵਿੱਚ ਹੀ WHO ਦੀ ਫੰਡਿੰਗ ‘ਤੇ ਪਾਬੰਦੀ ਲਗਾਈ ਸੀ । ਇਸ ਤੋਂ ਬਾਅਦ ਉਨ੍ਹਾਂ ਨੇ WHO ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਇਸ ਵਿੱਚ ਸੰਗਠਨਾਤਮਕ ਸੁਧਾਰ ਦੀ ਮੰਗ ਕੀਤੀ ਗਈ ਗਈ ਸੀ । ਦੱਸ ਦੇਈਏ ਕਿ ਅਮਰੀਕਾ WHO ਨੂੰ ਸਭ ਤੋਂ ਜ਼ਿਆਦਾ ਫੰਡ ਦੇਣ ਵਾਲਾ ਦੇਸ਼ ਹੈ। ਇੱਕ ਰਿਪੋਰਟ ਅਨੁਸਾਰ ਅਮਰੀਕਾ ਹਰ ਸਾਲ ਵਿਸ਼ਵ ਸਿਹਤ ਸੰਗਠਨ ਨੂੰ ਤਕਰੀਬਨ 400 ਮਿਲੀਅਨ ਡਾਲਰ ਦਿੰਦਾ ਹੈ।
ਟਰੰਪ ਅਤੇ ਉਸ ਦੇ ਸਹਿਯੋਗੀ WHO ਦੀ ਅਲੋਚਨਾ ਕਰਦਿਆਂ ਇਹ ਕਹਿ ਰਹੇ ਹਨ ਕਿ ਵਿਸ਼ਵ ਦੀ ਸਭ ਤੋਂ ਵੱਡੀ ਸੰਸਥਾ ਹੋਣ ਦੇ ਬਾਵਜੂਦ WHO ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਨ ਵਿੱਚ ਅਸਫਲ ਰਿਹਾ, ਜਿਸ ਕਾਰਨ ਇਹ ਬਿਮਾਰੀ ਸਾਰੇ ਵਿਸ਼ਵ ਵਿੱਚ ਫੈਲ ਗਈ । ਅਮਰੀਕਾ ਵਿਸ਼ਵ ਦਾ ਸਭ ਤੋਂ ਵੱਡਾ ਕੋਰੋਨਾ ਪ੍ਰਭਾਵਤ ਦੇਸ਼ ਹੈ, ਇੱਥੇ ਲਗਭਗ 30 ਲੱਖ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ।