Donald Trump wears face mask: ਹਮੇਸ਼ਾ ਮਾਸਕ ਪਾਉਣ ਤੋਂ ਇਨਕਾਰ ਕਰਦੇ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰਕਾਰ ਮਾਸਕ ਪਾ ਲਿਆ ਹੈ। ਟਰੰਪ ਨੇ ਇਹ ਮਾਸਕ ਉਦੋਂ ਪਾਇਆ ਜਦੋਂ ਉਹ ਵਾਲਟਰ ਰੀਡ ਮਿਲਟਰੀ ਹਸਪਤਾਲ ਵਿੱਚ ਜਵਾਨਾਂ ਨੂੰ ਮਿਲਣ ਲਈ ਪਹੁੰਚੇ ਸਨ। ਨੀਲੇ ਰੰਗ ਦੇ ਇਸ ਮਾਸਕ ‘ਤੇ ਰਾਸ਼ਟਰਪਤੀ ਦੀ ਮੋਹਰ ਲੱਗੀ ਹੋਈ ਸੀ। ਦਰਅਸਲ, ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਜਨਤਕ ਤੌਰ ‘ਤੇ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੋਰ ਅਮਰੀਕੀਆਂ ਨੂੰ ਅਜਿਹਾ ਕਰਨ ਲਈ ਕਿਹਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਵਿਅਕਤੀਗਤ ਪਸੰਦ ਦਾ ਮਾਮਲਾ ਹੈ।
ਇੱਕ ਰਿਪੋਰਟ ਅਨੁਸਾਰ ਮਾਸਕ ਪਾਉਣ ਤੋਂ ਪਹਿਲਾਂ ਉਨ੍ਹਾਂ ਪ੍ਰੈਸ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਜਦੋਂ ਤੁਸੀਂ ਹਸਪਤਾਲ ਵਿੱਚ ਹੁੰਦੇ ਹੋ, ਖ਼ਾਸਕਰ ਜਦੋਂ ਤੁਸੀਂ ਬਹੁਤ ਸਾਰੇ ਜਵਾਨਾਂ ਨਾਲ ਗੱਲ ਕਰ ਰਹੇ ਹੁੰਦੇ ਹੋ ਤਾਂ ਮਾਸਕ ਪਾਉਣਾ ਚਾਹੀਦਾ ਹੈ ਅਤੇ ਇਹ ਬਹੁਤ ਚੰਗੀ ਚੀਜ਼ ਹੈ। ਟਰੰਪ ਨੇ ਵਾਲਟਰ ਰੀਡ ਦੀ ਯਾਤਰਾ ਤੋਂ ਠੀਕ ਪਹਿਲਾਂ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ।
ਮੈਡੀਕਲ ਕੈਂਪ ਦੀ ਆਪਣੀ ਯਾਤਰਾ ਦੇ ਦੌਰਾਨ ਟਰੰਪ ਮੀਡੀਆ ਵੱਲੋਂ ਆਯੋਜਿਤ ਕੀਤੇ ਗਏ ਇੱਕ ਸੈਸ਼ਨ ਵਿੱਚ ਵੀ ਸ਼ਾਮਿਲ ਹੋਏ, ਇਸ ਦੌਰਾਨ ਵੀ ਉਨ੍ਹਾਂ ਦੇ ਮਾਸਕ ਪਾਇਆ ਹੋਇਆ ਸੀ। ਨੀਲੇ ਮਾਸਕ ਦੇ ਸੁਨਹਿਰੀ ਰੰਗ ਦੀ ਰਾਸ਼ਟਰਪਤੀ ਮੋਹਰ ਲੱਗੀ ਹੋਈ ਸੀ। ਇਸ ਸੈਸ਼ਨ ਵਿੱਚ ਉਨ੍ਹਾਂ ਨੇ ਸਿਰਫ ਧੰਨਵਾਦ ਕਹਿ ਕੇ ਵਿਦਾ ਲੈ ਲਈ। ਇਕ ਤੱਥ ਇਹ ਵੀ ਹੈ ਕਿ ਹਾਲ ਹੀ ਵਿੱਚ ਅਮਰੀਕਾ ਦੇ ਚੋਟੀ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਲਈ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਡੋਨਾਲਡ ਟਰੰਪ ਇਸ ਤੋਂ ਇਨਕਾਰ ਕਰਦੇ ਰਹੇ । ਉਹ ਗੱਲ ਨੂੰ ਲੈ ਕੇ ਉਹ ਆਲੋਚਕਾਂ ਦੇ ਨਿਸ਼ਾਨੇ ‘ਤੇ ਰਹੇ।
ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਕੁਝ ਰਾਜਾਂ ਨੇ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ । ਇਸ ਕਾਰਨ ਕਰਕੇ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਿਰਫ ਇੱਕ ਦਿਨ ਦੇ ਮਾਮਲੇ ਉਨ੍ਹਾਂ ਦੇ ਪਿਛਲੇ ਸਾਰੇ ਰਿਕਾਰਡ ਤੋੜ ਰਹੇ ਹਨ। ਦੱਸ ਦੇਈਏ ਕਿ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਿਰਫ ਅਮਰੀਕਾ ਵਿੱਚ ਹਨ। ਇਕੱਲੇ ਸ਼ੁੱਕਰਵਾਰ ਨੂੰ ਹੀ ਅਮਰੀਕਾ ਵਿੱਚ ਇਕੋ ਦਿਨ ਵਿੱਚ 69,000 ਮਾਮਲੇ ਸਾਹਮਣੇ ਆਏ। ਇਹ ਇਕੋ ਦਿਨ ਕੇਸਾਂ ਦਾ ਤੀਸਰਾ ਸਭ ਤੋਂ ਵੱਡਾ ਰਿਕਾਰਡ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਕੋਰੋਨਾ ਟਰੈਕਰ ਦੇ ਅਨੁਸਾਰ ਅਮਰੀਕਾ ਵਿੱਚ 3.2 ਮਿਲੀਅਨ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ 1,34,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਨਿਰੰਤਰ ਅਤੇ ਤੇਜ਼ੀ ਨਾਲ ਵੱਧ ਰਹੇ ਹਨ।