godown merchant raid police: ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਪੁਲਿਸ ਨੇ ਸ਼ਿੰਕਜਾ ਕੱਸਦੇ ਹੋਏ ਇਕ ਹੋਰ ਨਵੀਂ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤੇ ਪੇਂਟ ਵਪਾਰੀ ਦੇ 3 ਹੋਰ ਗੋਦਾਮਾਂ ‘ਤੇ ਛਾਪਾ ਮਾਰਿਆ, ਜਿੱਥੋਂ ਭਾਰੀ ਮਾਤਰਾ ‘ਚ ਸਮਾਨ ਮਿਲਣ ਤੋਂ ਬਾਅਦ 3 ਗੋਦਾਮ ਸੀਲ ਕਰ ਦਿੱਤੇ ਗਏ। ਦਰਅਸਲ ਅਮ੍ਰਿੰਤਸਰ ਦਿਹਾਤੀ ਪੁਲਿਸ ਦੇ 35 ਤੋਂ ਜ਼ਿਆਦਾ ਮੁਲਾਜ਼ਮਾਂ ਨੇ ਵਿਸ਼ਵਕਰਮਾ ਚੌਂਕ ਦੇ ਨੇੜੇ ਮਿਲਰਗੰਜ ‘ਚ ਸਥਿਤ ਗੋਦਾਮ ‘ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਐਕਸਾਈਜ ਡਿਪਾਰਟਮੈਂਟ ਦੇ ਵੀ ਕਈ ਅਧਿਕਾਰੀ ਮੌਜੂਦ ਸੀ। ਗੋਦਾਮਾਂ ‘ਚ ਲਗਭਗ 3 ਘੰਟੇ ਤੱਕ ਸਰਚ ਆਪਰੇਸ਼ਨ ਚੱਲਿਆ, ਜਿੱਥੋ ਪੁਲਿਸ ਨੂੰ ਭਾਰੀ ਮਾਤਰਾ ‘ਚ ਸਮਾਨ ਬਰਾਮਦ ਹੋਇਆ, ਜਿਸ ਦੇ ਸੈਂਪਲ ਟੈਸਟਿੰਗ ਦੇ ਲਈ ਭੇਜੇ ਗਏ ਹਨ।
ਇਸ ਸਬੰਧੀ ਡੀ.ਐੱਸ.ਪੀ ਅਮ੍ਰਿੰਤਸਰ ਦਿਹਾਤੀ ਕੈਲਾਸ਼ ਚੰਦਰ ਅਤੇ ਐਕਸਾਈਜ਼ ਵਿਭਾਗ ਦੀ ਟੀਮ ਦੁਪਹਿਰ ਲਗਭਗ 1 ਵਜੇ ਜੋਸ਼ੀ ਦੇ ਲੁਧਿਆਣਾ ਪੇਂਟ ਸਟੋਰ ਦੇ ਗੋਦਾਮ ‘ਤੇ ਪਹੁੰਚੀ , ਜਿੱਥੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਅਤੇ ਥਾਣਾ ਤਰਸਿਕਾ ਦੇ ਮੁਲਾਜ਼ਮ ਵੀ ਸੀ। ਮਾਹਰਾਂ ਮੁਤਾਬਕ ਗੋਦਾਮ ਤੋਂ ਆਉਣ-ਜਾਣ ਵਾਲੇ ਸਟਾਕ ਨੂੰ ਚੈਕ ਕਰਨ ਲਈ ਪੁਲਿਸ ਨੇ ਨੇੜੇ ਹੀ ਇਕ ਨਟ-ਬੋਲਟ ਕਾਰੋਬਾਰੀ ਦੇ ਦਫਤਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਵੀ ਚੈਕ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਲੁਧਿਆਣਾ ਦੇ ਪੇਂਟ ਵਪਾਰੀ ਰਾਜੀਵ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਸ਼ਰਾਬ ਦੇ 3 ਡਰੰਮ ਮੋਗਾ ਤੋਂ ਬਟਾਲਾ ਸਪਲਾਈ ਕੀਤੇ ਸੀ, ਜਿਸ ਕਾਰਨ ਬੀਤੇ ਦਿਨ ਅੰਮ੍ਰਿਤਸਰ ਪੁਲਿਸ ਨੇ ਪੇਂਟ ਵਪਾਰੀ ਰਾਜੀਵ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਦੁਕਾਨ ਸਮੇਤ 1 ਗੋਦਾਮ ਸੀਲ ਕੀਤਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ‘ਚ 111 ਲੋਕਾਂ ਦੀ ਮੌਤ ਹੋ ਚੁੱਕੀ ਹੈ।