youth commits suicide : ਅੱਜ ਦੇ ਸਮੇਂ ‘ਚ ਲੋਕਾਂ ‘ਚ ਸਹਿਣਸ਼ਕਤੀ ਦੀ ਬਹੁਤ ਕਮੀ ਆ ਰਹੀ ਹੈ। ਲੋਕਾਂ ‘ਚ ਦੁੱਖਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਖਤਮ ਹੋ ਚੁੱਕੀ ਹੈ। ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਸੂਬੇ ‘ਚ ਖੁਦਕੁਸ਼ੀਆਂ ਕਰਨ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਅੰਬਾਲਾ-ਲੁਧਿਆਣਾ ਰੇਲ ਮਾਰਗ ‘ਤੇ ਪੈਂਦੇ ਪਿੰਡ ਜਸਪਾਲੋ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ ਨੰ.-347 ‘ਤੇ ਪਿੰਡ ਕੋਟ ਸੇਖੋਂ ਦੇ ਇੱਕ ਨੌਜਵਾਨ ਵਲੋਂ ਰੇਲ ਅੱਗੇ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਖੰਨਾ ਵਿਖੇ ਭੇਜ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਰੇਲਵੇ ਚੌਕੀ ਦੇ ਇੰਚਾਰਜ ਜਗਪਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹਾਦਸੇ ਸਬੰਧੀ ਧਾਰਾ 174 ਸੀ.ਆਰ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।ਦੱਸਣਯੋਗ ਹੈ ਕਿ ਮ੍ਰਿਤਕ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।ਜਿਸ ਦੇ ਚਲਦਿਆਂ ਉਸ ਨੇ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲਈ।ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਕੋਟ ਸੇਖੋਂ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਦੀਆਂ ਦੋ ਬੇਟੀਆਂ ਹਨ।





















