Akali Phula Singh Ji: ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਸੰਨ 1761 ਈ ਵਿੱਚ ਹਰਿਆਣੇ ਵਾਲੇ ਪਾਸੇ ਜਿੱਥੇ ਬਾਂਗਰੂ ਲੋਕ ਰਹਿੰਦੇ ਹਨ ਉਸ ਇਲਾਕੇ ਵਿੱਚ ਦੇਹਲਾਂ ਪਿੰਡ ‘ਚ ਬਾਬਾ ਈਸ਼ਰ ਸਿੰਘ ਜੀ ਦੇ ਘਰ ਹੋਇਆ। ਅਕਾਲੀ ਫੂਲਾ ਸਿੰਘ ਜੀ ਦਾ ਨਾਮ 21ਵੇਂ ਦਿਨ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈ ਕੇ ਰੱਖਿਆ ਗਿਆ। ਆਦਿ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਆਇਆ “ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥”। ਇੱਥੋ ਹੀ ਬਾਬਾ ਜੀ ਦਾ ਨਾਮ “ਫ” ਅੱਖਰ ਤੋਂ ਰੱਖਿਆ ਗਿਆ। ਪੁਰਾਤਨ ਵੇਲੇਆਂ ਵਿੱਚ ਸਭ ਸਿੰਘਾਂ ਨੂੰ ਆਦਿ ਗ੍ਰੰਥ, ਦਸਮ ਗ੍ਰੰਥ, ਸਰਬਲੋਹ ਗ੍ਰੰਥ ਦੀ ਬਾਣੀ ਕੰਠ ਹੁੰਦੀ ਸੀ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ 1 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ ਵੱਡੇ ਘੱਲੂਘਾਰੇ ਵਿੱਚ ੫ ਫਰਵਰੀ ੧੭੬੧ ਵਿੱਚ ਸ਼ਹੀਦੀ ਪਾ ਗਏ। ਬਾਬਾ ਈਸ਼ਰ ਸਿੰਘ ਜੀ ਤਿੰਨ ਭਰਾ ਸਨ। ਬਾਬਾ ਈਸ਼ਰ ਸਿੰਘ ਜੀ ਗ੍ਰਹਿਸਤੀ ਸਨ ਤੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਅਕਾਲੀ ਬਾਬਾ ਤਪਾ ਸਿੰਘ ਜੀ ਬਿਹੰਗਮ ਸਨ।ਅਖੀਰਲੇ ਸਮੇਂ ਵਿੱਚ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਣੇ ਦੋਵੇਂ ਭਾਈਆਂ ਨੂੰ ਸੌਂਪਕੇ ਕਿਹਾ ਸੀ ਕੀ ਫੂਲਾ ਸਿੰਘ ਨੂੰ ਪੰਥ ਦਾ ਸੇਵਾਦਾਰ ਬਣਾਇਓ ‘ਤੇ ਗੁਰੂ ਦੇ ਲੜ ਲਾਕੇ ਰੱਖਿਓ। ਬਾਬਾ ਨੈਣਾ ਸਿੰਘ ਤੇ ਬਾਬਾ ਤਪਾ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਪਾਲਿਆ, ਗੁਰਮਤਿ, ਸ਼ਸਤਰ ਵਿਦਿਆ, ਘੋੜਸਵਾਰੀ ਦੀ ਸਿੱਖਿਆ ਦਿੱਤੀ। ਉਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਅਕਾਲੀ ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਹੁੰਦੇ ਸਨ, ੧੭੮੪ ਦੇ ਵਿੱਚ ਅਕਾਲੀ ਬਾਬਾ ਜੱਸਾ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਪੰਥ ਦਾ ਇੱਕਠ ਹੋਇਆ ‘ਤੇ ਪੰਥ ਦੇ ਅਗਲੇ ਜਥੇਦਾਰ ਦੀ ਚੌਣ ਕਰਨੀ ਸੀ ਜਿਸ ਲਈ ਯੋਗ ਧਾਰਮਿਕ ‘ਤੇ ਸੂਰਬੀਰ ਯੋਧੇ ਦੀ ਲੋੜ ਸੀ। ਪੰਥ ਦੀ ਨਿਗਾਹ ਉਸ ਵੇਲੇ ਅਕਾਲੀ ਬਾਬਾ ਨੈਣਾ ਸਿੰਘ ਜੀ ‘ਤੇ ਪਈ। ਬਾਬਾ ਨੈਣਾ ਸਿੰਘ ਜੀ ਗੁਰਮਤਿ ਦੇ ਧਾਰਨੀ, ਸ਼ਸਤਰ ਵਿਦਿਆ ਵਿੱਚ ਨਿਪੁਣ ਸਨ। ਪੰਥ ਨੇ ਬਾਬਾ ਨੈਣਾ ਸਿੰਘ ਜੀ ਨੂੰ ਜਥੇਦਾਰ ਥਾਪ ਦਿੱਤਾ।
ਉਸ ਵੇਲੇ ਸਿੰਘਾਂ ਵਿੱਚ ਆਪਸੀ ਲੜਾਈਆਂ ਹੋਣ ਲੱਗ ਗਈਆਂ ਕਿਉਂਕਿ 12 ਮਿਸਲਾਂ ਸਨ ਜਿਸ ਕਾਰਨ ਹਰ ਕੋਈ ਕਹਿੰਦਾ ਮੈਂ ਕਬਜ਼ਾ ਕਰਨਾ ਤੇ ਕੋਈ ਕਹਿੰਦਾ ਮੈਂ ਇਸ ਲਈ ਆਪਸ ‘ਚ ਲੜਾਈਆਂ ਰਹਿੰਦੀਆਂ ਸਨ। ਅੰਮ੍ਰਿਤਸਰ ਵਿੱਚ ਭੰਗੀਆਂ ਦੀ ਮਿਸਲ ਦਾ ਰਾਜ ਸੀ, ਇਹ ਮਿਸਲ ਸਭ ਤੋਂ ਵੱਡੀ ‘ਤੇ ਤਾਕਤਵਰ ਸੀ। ਅੰਮ੍ਰਿਤਸਰ ਦੀ ਇੱਕ ਰਾਣੀ ਮਾਈ ਦੇਸਾਂ ਹੋਏ ਸਨ ਜਿਨ੍ਹਾਂ ਦੇ ਥੱਲੇ ਵਾਲੇ ਅਫਸਰਾਂ ਦਾ ਬਾਨਾ ਤਾਂ ਸਿੱਖਾਂ ਵਾਲਾ ਸੀ ਪਰ ਉਹ ਲੁੱਟਾਂ ਖੋਹਾ ਕਰਨ ਲੱਗ ਗਏ ਸਨ। ਬਾਬਾ ਨੈਣਾ ਸਿੰਘ ਜੀ ਨੂੰ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਸਨ ਲੱਗੀਆਂ ਕੀ ਗੁਰੂ ਦੀ ਨਗਰੀ ਵਿੱਚ ਇਹ ਸਭ ਠੀਕ ਨੀ ਹੋ ਰਿਹਾ। ਉਧਰ ਖਬਰ ਆਈ ਕੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੋਰ ਜਿੱਤ ਲਿਆ ਹੈ। ਅੰਮ੍ਰਿਤਸਰ ਦੇ ਸਿੱਖਾਂ ਨੇ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਕੀ ਉਹ ਅੰਮ੍ਰਿਤਸਰ ਦਾ ਰਾਜ ਸਾਂਭਣ। ਉਨ੍ਹਾਂ ਦੀ ਬੇਨਤੀ ਸੁਣ ਕੇ ਰਣਜੀਤ ਸਿੰਘ ਫੌਜਾਂ ਲੈ ਕੇ ਅੰਮ੍ਰਿਤਸਰ ਵੱਲ ਚੜ੍ਹ ਆਇਆ। ਰਾਣੀ ਦੇਸਾਂ ਅੜੀਅਲ ਸੁਭਾ ਦੀ ਔਰਤ ਸੀ ਉਸਨੇ ਭੰਗੀਆਂ ਨੂੰ ਤਿਆਰ ਕਰ ਲਿਆ ਜੰਗ ਲਈ ਕੀ ਤੋਪਾਂ ਤਿਆਰ ਰੱਖਣ। ਅੰਮ੍ਰਿਤਸਰ ਵਿੱਚ ਜੰਗ ਦਾ ਮਹੌਲ ਬਣ ਗਿਆ। ਇਹ ਗੱਲ ਜਦੋਂ ਬਾਬਾ ਨੈਣਾ ਸਿੰਘ ਜੀ ਤੱਕ ਪਹੁੰਚੀ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ ਕੀ ਗੁਰੂ ਕੀ ਨਗਰੀ ਵਿੱਚ ਭਰਾ ਹੀ ਭਰਾ ਨੂੰ ਮਾਰਨ ਲੱਗਾ ਹੈ। ਉਨ੍ਹਾਂ ਨੇ ਸ਼ੂਰਵੀਰ ਯੋਧੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਕਿਹਾ ਕੀ ਉਥੇ ਜਾ ਕੇ ਉਨ੍ਹਾਂ ਨੂੰ ਸਮਝਾਉਣ ਲਈ ਭੇਜਿਆ। ਅਕਾਲੀ ਫੂਲਾ ਸਿੰਘ ਜੀ ਆਵਦੇ ਨਾਲ ਅਕਾਲੀ ਨਿਹੰਗ ਸਿੰਘਾਂ ਦੀ ਫੌਜ ਲੈ ਅੰਮ੍ਰਿਤਸਰ ਸਾਹਿਬ ਪਹੁੰਚੇ। ਉਨ੍ਹਾਂ ਨੇ ਦੋਨਾਂ ਧਿਰਾਂ ਨੂੰ ਸਮਝਾਇਆ। ਉਨ੍ਹਾਂ ਕਿਹਾ “ਓਹ ਮਲੇਛੋ ਦੁਸ਼ਟੋ ਤੁਸੀਂ ਗੁਰੂ ਕੀ ਨਗਰੀ ਵਿੱਚ ਆਪਣੇ ਹੀ ਭਰਾਵਾਂ ਦੇ ਖੂਨ ਦੇ ਪਿਆਸੇ ਹੋਏ ਪਏ ਹੋ। ਰਾਣੀ ਦੇਸਾਂ ਤੇ ਰਣਜੀਤ ਸਿੰਘ ਹੱਥ ਜੋੜ ਕੇ ਅਕਾਲੀ ਫੂਲਾ ਸਿੰਘ ਜੀ ਦੇ ਮੁਹਰੇ ਖਲੋ ਗਏ ਤੇ ਕਹਿਣ ਲੱਗੇ ਬਾਬਾ ਜੀ ਜੋ ਤੁਸੀਂ ਹੁਕਮ ਕਰੋਗੇ ਓਵੇਂ ਹੀ ਕਰਾਂਗੇ। ਅਕਾਲੀ ਜੀ ਨੇ ਓਥੋਂ ਦਾ ਪ੍ਰਬੰਧ ਰਣਜੀਤ ਸਿੰਘ ਨੂੰ ਸੋਂਪ ਦਿੱਤਾ।ਬਾਬਾ ਨੈਣਾ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਝੰਡੇ ਹੇਠ ਇੱਕਠਾ ਕੀਤਾ ਕਿਉਂਕਿ ਓਹ ੨੫ ਸਾਲ ਤੋਂ ਦੇਖ ਰਹੇ ਸਨ ਕੀ ਸਿੱਖ ਆਪਸ ਚ ਹੀ ਲੜ ਮਰ ਰਹੇ ਹਨ।ਅਕਾਲੀ ਬਾਬਾ ਨੈਣਾ ਸਿੰਘ ਜੀ ਤੋਂ ਬਾਅਦ ਜਥੇਦਾਰੀ ਦੀ ਕਮਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਹੱਥ ਆ ਗਈ। ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਹੋਏ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ੬੨ ਸਾਲ ਦੀ ਉਮਰ ਦਾ ਇੱਕ ਇੱਕ ਦਿਨ ਗੁਰੂ ਦੇ ਲੇਖੇ ਲੱਗਾ ਹੈ। ਅਜਿਹੀਆਂ ਰੂਹਾਂ ਵਿਰਲੀਆਂ ਹੀ ਸੰਸਾਰ ਤੇ ਆਉਂਦੀਆਂ ਹਨ। ਜਿਸ ਬਾਰੇ ਗੁਰਬਾਣੀ ਆਇਆ “ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥” ਐਸੀਆਂ ਰੂਹਾਂ ਜਨਮ ਮਰਨ ਤੋਂ ਰਹਿਤ ਹੁੰਦੀਆਂ ਹਨ, ਦੂਜਿਆਂ ਦਾ ਭਲਾ ਕਰਨ ਵਾਸਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਹਨ। ਐਹੋ ਜੇ ਮਹਾਨ ਸੂਰਬੀਰ, ਬਹਾਦੁਰ ਗੁਰੂ ਦੇ ਪਿਆਰੇ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ।