chinese fake indian passport hawala: ਇਕ ਪਾਸੇ ਤਾਂ ਚੀਨ ਦੀ ਫੌਜ ਆਪਣੀ ਨਾਪਾਕ ਹਰਕਤਾਂ ਨਾਲ ਭਾਰਤ-ਚੀਨ ਸਰਹੱਦ ‘ਤੇ ਤਣਾਅ ਪੈਦਾ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਾਰੋਬਾਰ ਦੀ ਆੜ ‘ਚ ਦਿੱਲੀ ‘ਚ ਚੀਨੀ ਨਾਗਰਿਕਾਂ ਦੇ ਰੈਕੇਟ ਦਾ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਚੀਨੀ ਨਾਗਰਿਕਾਂ ਨੇ ਫਰਜੀ ਕੰਪਨੀਆਂ ਬਣਾ ਕੇ ਹਵਾਲਾ ਨੈੱਟਵਰਕ ਰਾਹੀਂ ਲਗਭਗ 1 ਹਜ਼ਾਰ ਕਰੋੜ ਦਾ ਚੂਨਾ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਇਨਕਮ ਟੈਕਸ ਵਿਭਾਗ ਨੇ ਪਰਦਾਫਾਸ਼ ਕਰ ਦਿੱਤਾ ਹੈ ਅਤੇ ਇਕ ਚੀਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਹੈਰਾਨ ਕਰ ਦੇਣ ਵਾਲੀ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਫੜ੍ਹੇ ਗਏ ਚੀਨੀ ਨਾਗਰਿਕ ਦੇ ਕੋਲੋ ਬਰਾਮਦ ਪਾਸਪੋਰਟ ਭਾਰਤੀ ਹੈ, ਜੋ ਕਿ ਮਣੀਪੁਰ ਦੇ ਪਤੇ ‘ਤੇ ਬਣਾਇਆ ਗਿਆ ਸੀ।
ਖੁਫੀਆ ਏਜੰਸੀਆਂ ਦੀ ਜਾਣਕਾਰੀ ਤਹਿਤ ਇਨਕਮ ਟੈਕਸ ਵਿਭਾਗ ਨੇ ਦਿੱਲੀ, ਗਾਜੀਆਬਾਦ ਅਤੇ ਗੁਰੂਗ੍ਰਾਮ ‘ਚ ਚੀਨੀ ਨਾਗਰਿਕਾਂ ਦੇ 21 ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਹੁਣ ਤੱਕ ਇਨਕਮ ਵਿਭਾਗ ਨੂੰ 300 ਕਰੋੜ ਦੇ ਹਵਾਲਾ ਲੈਣ-ਦੇਣ ਦਾ ਪਤਾ ਲੱਗਿਆ। ਦੂਜੇ ਪਾਸੇ ਇਨਕਮ ਟੈਕਸ ਵਿਭਾਗ ਦੇ ਮਾਹਰਾਂ ਮੁਤਾਬਕ ਇਹ ਰਕਮ ਇਕ ਹਜ਼ਾਰ ਕਰੋੜ ਤੋਂ ਜ਼ਿਆਦਾ ਹੋ ਸਕਦੀ ਹੈ। ਇਹ ਰੈਕੇਟ ਚੀਨੀ ਨਾਗਰਿਕ ਕੁਝ ਭਾਰਤੀਆਂ ਨਾਲ ਮਿਲ ਕੇ ਚਲਾ ਰਹੇ ਸੀ।
ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਚੀਨੀ ਨਾਗਰਿਕ ਲੂਓ ਸੈਂਗ ਨੇ ਫਰਜ਼ੀ ਨਾਮ ਚਾਰਲੀ ਪੇਂਗ ਦੇ ਨਾਂ ਨਾਲ ਫਰਜ਼ੀ ਪਾਸਪੋਰਟ ਬਣਾਇਆ ਹੋਇਆ ਸੀ।ਬਾਕੀ ਚੀਨ ਦੇ ਨਾਗਰਿਕ ਦੇਸ਼ ‘ਚ ਵੀਜ਼ੇ ‘ਤੇ ਸੀ। ਹਵਾਲਾ ਕਾਰੋਬਾਰ ਦੇ ਇਸ ਗਿਰੋਹ ‘ਚ ਸ਼ਾਮਿਲ ਬਾਕੀ ਦੋਸ਼ੀਆਂ ਨੂੰ ਇਨਕਮ ਟੈਕਸ ਵਿਭਾਗ ਨੇ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਹੈ, ਜਿਨ੍ਹਾਂ ‘ਚ ਕਈ ਹੋਰ ਅਜਿਹੇ ਚੀਨੀ ਨਾਗਰਿਕ ਹਨ ਜੋ ਵੀਜ਼ੇ ‘ਤੇ ਭਾਰਤ ਆਏ ਸੀ ਅਤੇ ਇਸ ਹਵਾਲੇ ਕਾਰੋਬਾਰ ਨਾਲ ਜੁੜੇ ਹੋਏ ਸੀ। ਇਸ ਛਾਪੇਮਾਰੀ ‘ਚ ਪਤਾ ਚੱਲਿਆ ਹੈ ਕਿ ਚੀਨ ਦੇ ਲੋਕ ਭਾਰਤ ‘ਚ ਬੈਂਕ ਅਧਿਕਾਰੀਆਂ , ਚਾਰਟਿਡ ਅਕਾਊਟੈਂਟ ਦੇ ਨਾਲ ਮਿਲ ਕੇ ਹਵਾਲਾ ਅਤੇ ਮਨੀ ਲਾਂਡਰਿੰਗ ਦਾ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ ਚੀਨੀ ਨਾਗਰਿਕਾਂ ਦੇ ਕਹਿਣੇ ਤੇ ਫਰਜ਼ੀ ਕੰਪਨੀਆਂ ਬਣਾਈ ਗਈਆਂ ਹਨ ਅਤੇ 40 ਬੈਂਕ ਖਾਤੇ ਖੋਲੇ ਗਏ, ਜਿਸ ਦੇ ਰਾਹੀਂ 1000 ਕਰੋੜ ਦਾ ਹਵਾਲਾ ਦਾ ਕਾਰੋਬਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਚੀਨੀ ਕੰਪਨੀਆਂ ਦੀ ਐਪਲੀਕੇਸ਼ਨ ਨੂੰ ਬੰਦ ਕਰਨ ਤੋਂ ਬਾਅਦ ਭਾਰਤ ‘ਚ ਰਹਿ ਰਹੇ ਚੀਨ ਦੇ ਨਾਗਰਿਕਾਂ ਦੇ ਚੱਲ ਰਹੇ ਗੈਰਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕਰ ਕੇ ਵੱਡੀ ਕਾਰਵਾਈ ਕੀਤੀ ਹੈ।