attacked brother rod ਲੁਧਿਆਣਾ, (ਤਰਸੇਮ ਭਾਰਦਵਾਜ)- ਅੱਜ ਕੱਲ੍ਹ ਲੋਕਾਂ ‘ਚ ਸ਼ਹਿਣਸ਼ਕਤੀ ਅਤੇ ਗੁੱਸੇ ‘ਤੇ ਕੰਟਰੋਲ ਕਰਨ ਦੀ ਸਮਰੱਥਾ ਬਹੁਤ ਘੱਟਦੀ ਜਾ ਰਹੀ ਹੈ।ਜਿਸ ਕਰਕੇ ਗੁੱਸਾ ਅਹਿੰਸਾ ਅਤੇ ਭੜਕਾਊ ਵਿਚਾਰਾਂ ਨੂੰ ਜਨਮ ਦਿੰਦਾ ਹੈ, ਗੁੱਸੇ ‘ਚ ਅਕਸਰ ਇਨਸਾਨ ਗਲਤੀਆਂ ਹੀ ਕਰਦਾ ਹੈ।ਅਜਿਹਾ ਹੀ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮਾਣਕਵਾਲ ਦੇ ਜੀ. ਕੇ. ਵਿਹਾਰ ਇਲਾਕੇ ‘ਚ ਇਕ ਨੌਜਵਾਨ ‘ਤੇ ਲੋਹੇ ਦੀ ਰਾਡ ਨਾਲ ਜਾਨਲੇਵਾ ਹਮਲਾ ਕਰ ਕੇ ਉਸ ਦਾ ਸਿਰ ਪਾੜ ਦਿੱਤਾ ਗਿਆ ਅਤੇ ਇਕ ਲੱਤ ਤੋੜ ਦਿੱਤੀ।
ਨੌਜਵਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਮਸੇਰੇ ਭਰਾਵਾਂ ਨੂੰ ਉਸ ਦੇ ਘਰ ਆਉਣ ਤੋਂ ਰੋਕਿਆ ਸੀ। ਸਦਰ ਪੁਲਸ ਨੇ 44 ਸਾਲਾ ਪੀੜਤ ਗੁਰਸੇਵਕ ਸਿੰਘ ਦੀ ਸ਼ਿਕਾਇਤ ਉਸ ਦੇ ਮਸੇਰੇ ਭਰਾ ਸੁਰਜੀਤ ਸਿੰਘ, ਭਾਗ ਸਿੰਘ ਅਤੇ ਸੁਰਜੀਤ ਸਿੰਘ ਦੇ ਬੇਟੇ ਸੁਮਿਤ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।ਗੁਰਸੇਵਕ ਨੇ ਦੱਸਿਆ ਕਿ ਉਹ ਦਯਾਨੰਦ ਮੈਡੀਕਲ ਕਾਲਜ ਸਥਿਤ ਹਸਪਤਾਲ ‘ਚ ਸੈਨੇਟਾਈਜ਼ੇਸ਼ਨ ਮਹਿਕਮੇ ‘ਚ ਬਤੌਰ ਸੁਪਰਵਾਈਜ਼ਰ ਤਾਇਨਾਤ ਹੈ ਅਤੇ ਉਕਤ ਇਲਾਕੇ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਉਸ ਦੀ ਮਾਸੀ ਦੇ ਬੇਟੇ ਸੁਰਜੀਤ ਕਾਰਨ ਉਸ ਦੇ ਘਰ ‘ਚ ਕਲੇਸ਼ ਰਹਿੰਦਾ ਸੀ। ਹਾਲਾਂਕਿ ਉਸ ਨੇ ਸਾਫ ਸ਼ਬਦਾਂ ‘ਚ ਉਸ ਨੂੰ ਘਰ ਆਉਣ ਤੋਂ ਮਨ੍ਹਾ ਵੀ ਕਰ ਦਿੱਤਾ ਸੀ, ਬਾਵਜੂਦ ਇਸ ਦੇ ਉਹ ਨਹੀਂ ਟਲਿਆ ਅਤੇ ਉਸ ਨਾਲ ਖੁੰਦਕ ਰੱਖਣ ਲੱਗਾ। ਉਸ ਨੇ ਦੱਸਿਆ ਕਿ 27 ਜੁਲਾਈ ਦੀ ਸ਼ਾਮ ਨੂੰ ਕਰੀਬ 8.15 ਵਜੇ ਉਹ ਘਰ ਪੁੱਜਾ। ਕੁੱਝ ਦੇਰ ਬਾਅਦ ਸੁਰਜੀਤ ਆਪਣੇ ਬੇਟੇ ਅਤੇ ਭਰਾ ਨੂੰ ਲੈ ਕੇ ਉਸ ਦੇ ਘਰ ਆ ਧਮਕਿਆ। ਮੁਜਰਿਮ ਲੋਹੇ ਦੀ ਰਾਡ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜਿਨ੍ਹਾਂ ਨੇ ਦਰਵਾਜ਼ਾ ਖੋਲ੍ਹਦੇ ਹੀ ਰਾਡ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ। ਉਹ ਲਹੂ-ਲੁਹਾਨ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਉੱਠਣ ਦਾ ਮੌਕਾ ਨਹੀਂ ਦਿੱਤਾ ਅਤੇ ਮਾਰ-ਮਾਰ ਕੇ ਉਸ ਦੀ ਲੱਤ ਤੋੜ ਦਿੱਤੀ। ਇਸੇ ਦੌਰਾਨ ਜਦੋਂ ਉਸ ਦੀ ਪਤਨੀ ‘ਚ ਬਚਾਅ ਲਈ ਆਈ ਤਾਂ ਉਸ ਦੇ ਨਾਲ ਵੀ ਹੱਥੋਪਾਈ ਕਰਦਿਆਂ ਦੁਰਵਿਵਹਾਰ ਕੀਤਾ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਜਰਿਮਾਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।ਦੋਸ਼ੀ ਦੇ ਫੜੇ ਜਾਣ ‘ਤੇ ਹੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਏਗੀ।