Captain and Bajwa Dispute : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਵਿਵਾਦ ਸੁਲਝਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਇਸ ਵਿਵਾਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਹਾਈਕਮਾਨ ਨੇ ਪਾਰਟੀ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ ਆਸ਼ਾ ਕੁਮਾਰੀ ਨੇ ਇਸ ਮਾਮਲੇ ਵਿਚ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਿਸ ਨੂੰ ਕੋਈ ਸ਼ਿਕਾਇਤ ਹੈ, ਉਨ੍ਹਾਂ ਨੂੰ ਪਾਰਟੀ ਫੋਰਮ ’ਤੇ ਹੀ ਆਪਣੀ ਗੱਲ ਰਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੰਝ ਜਨਤਕ ਬਿਆਨਬਾਜ਼ੀ ਕਰਨਾ ਠੀਕ ਨਹੀਂ ਹੈ।
ਸੰਸਦ ਮੈਂਬਰ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਆਪਣੀ ਹੀ ਪਾਰਟੀ ਦੀ ਸਰਾਕਰ ਦੇ ਖਿਲਾਫ ਉਤਰ ਆਏ ਹਨ। ਇਸ ’ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਨ ਨੂੰ ਚਿੱਟੀ ਲਿਖ ਕੇ ਬਾਜਵਾ ਅਤੇ ਦੂਲੋ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਪਾਰਟੀ ਮੁਤਾਬਕ ਜਾਖੜ ਦੀ ਚਿੱਠੀ ਹਾਈਕਮਾਨ ਤੱਕ ਪਹੁੰਚਣ ਤੋਂ ਬਾਅਦ ਆਸ਼ਾ ਕੁਮਾਰੀ ਨੂੰ ਇਸ ਮਾਮਲੇ ਨੂੰ ਦੇਖਣ ਨੂੰ ਕਿਹਾ ਗਿਆ ਹੈ। ਹਾਲਾਂਕਿ ਆਸ਼ਾ ਕੁਮਾਰੀ ਅੱਜਕਲ ਡਲਹੌਜੀ ਵਿਚ ਹਨ ਪਰ ਉਹ ਪੰਜਾਬ ਵਿਚ ਪਾਰਟੀ ਨੇਤਾਵਾਂ ਨਾਲ ਲਗਾਤਾਰ ਸੰਪਰਕ ਵਿਚ ਬਣੀ ਹੋਈ ਹੈ।
ਉਨ੍ਹਾਂ ਫੋਨ ’ਤੇ ਗੱਲਬਾਤ ਦੌਰਾਨ ਕਿਸੇ ਦਾਵੀ ਨਾਂ ਲਏ ਬਿਨਾਂ ਕਿਹਾ ਕਿ ਮੀਡੀਆ ਵਿਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਜਾਖੜ ਦੀ ਚਿੱਠੀ ਬਾਰੇ ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਨੇ ਆਪਣੀ ਗੱਲ ਹਾਈਕਮਾਨ ਦੇ ਸਾਹਮਣੇ ਰਖੀ ਹੈ, ਹੁਣ ਉਸ ’ਤੇ ਹਾਈਕਮਾਨ ਚਾਹੇ ਜੋ ਫੈਸਲਾ ਲਵੇ। ਦੱਸਣਯੋਗ ਹੈ ਕਿ ਬਾਜਵਾ ਲਗਾਤਾਰ ਬਿਆਨ ਦੇ ਰਹੇ ਹਨ ਕਿ ਕੈਪਟਨ ਨੇ ਜਾਣਬੁਝ ਕੇ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਹੈ। ਸਕਿਓਰਿਟੀ ਵਾਪਿਸ ਲੈਣ ’ਤੇ ਵੀ ਉਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਠਹਿਰਾਇਆ ਹੈ, ਜਿਸ ’ਤੇ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਸ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ।