simarjeet bains ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਹਰ ਆਮ ਅਤੇ ਖਾਸ ਵਿਅਕਤੀ ਲਈ ਕੁਝ ਨਿਯਮ ਨਿਰਧਾਰਿਤ ਕੀਤੇ ਗਏ ਹਨ।ਪਰ ਇਸਦੇ ਬਾਵਜੂਦ ਵੀ ਕਈ ਲੋਕਾਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ।
ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਥ ਨਾਲ ਬੀਤੇ ਦਿਨੀਂ ਹੋਈ ਕੁੱਟਮਾਰ ਦੇ ਮਾਮਲੇ ‘ਚ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣਾ ਹੁਣ ਮਹਿੰਗਾ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੁਧਿਆਣਾ ਪੁਲਸ ਵੱਲੋਂ ਸਿਮਰਜੀਤ ਬੈਂਸ, ਉਨ੍ਹਾਂ ਦੇ ਭਰਾ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਸਣੇ 30 ਲੋਕਾਂ ‘ਤੇ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਸਿਰਫ਼ ਇੰਨਾ ਹੀ ਨਹੀਂ, ਧਰਨੇ ਦੌਰਾਨ ਡਿਊਟੀ ਦੇ ਰਹੇ 6 ਪੁਲਸ ਮੁਲਾਜ਼ਮਾਂ ਦੇ ਪਾਜ਼ੇਟਿਵ ਪਾਏ ਜਾਣ ਮਗਰੋਂ ਹੁਣ ਮੁਕੱਦਮੇ ‘ਚ ਦਰਜ ਸਾਰੇ ਹੀ ਲੋਕਾਂ ਨੂੰ ਕੋਰੋਨਾ ਟੈਸਟ ਵੀ ਕਰਵਾਉਣਾ ਪਵੇਗਾ। ਲੁਧਿਆਣਾ ਡਵੀਜ਼ਨ-ਨੰਬਰ 5 ਦੀ ਐਸ. ਐੱਚ. ਓ. ਰਿਚਾ ਰਾਣੀ ਨੇ ਦੱਸਿਆ ਕਿ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਰਕੇ ਬੈਂਸ ਅਤੇ ਉਨ੍ਹਾਂ ਦੇ ਸਮਰਥੱਕਾਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁਕੱਦਮੇ ‘ਚ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਸਣੇ ਜਿੰਨੇ ਲੋਕਾਂ ਦੇ ਨਾਂ ਦਰਜ ਹਨ, ਉਨ੍ਹਾਂ ਸਭ ਨੂੰ ਹੁਣ ਕੋਰੋਨਾ ਟੈਸਟ 2 ਦਿਨਾਂ ‘ਚ ਕਰਵਾਉਣਾ ਪਵੇਗਾ ਨਹੀਂ ਤਾਂ ਪੁਲਸ ਜ਼ਬਰਦਸਤੀ ਇਨ੍ਹਾਂ ਲੋਕਾਂ ਦਾ ਕੋਰੋਨਾ ਟੈਸਟ ਕਰਵਾਏਗੀ।