sukhna lake water level: ਮਾਨਸੂਨ ਸੀਜ਼ਨ ਦੇ ਚੱਲਦਿਆਂ ਕਈ ਦਿਨਾਂ ਤੋਂ ਚੰਡੀਗੜ੍ਹ ‘ਚ ਬਾਰਿਸ਼ ਹੋ ਰਹੀ ਹੈ ਪਰ ਪਿਛਲੇ 3 ਦਿਨਾਂ ਦੌਰਾਨ ਲਗਾਤਾਰ ਹੋਈ 235.9 ਐੱਮ.ਐੱਮ ਬਾਰਿਸ਼ ਨਾਲ ਸੁਖਨਾ ਝੀਲ ‘ਤੇ ਅਸਰ ਪਿਆ ਹੈ। ਇਸ ਨਾਲ ਸੁਖਨਾ ਝੀਲ ‘ਚ ਪਾਣੀ ਦਾ ਪੱਧਰ 1156.90 ਫੁੱਟ ਤੋਂ ਵੱਧ ਕੇ 1160.00 ਫੁੱਟ ‘ਤੇ ਪਹੁੰਚ ਗਿਆ। ਇਸ ਦਾ ਮਤਲਬ ਪਾਣੀ ਦੇ ਪੱਧਰ ‘ਚ 3 ਫੁੱਟ ਦਾ ਵਾਧਾ ਹੋਇਆ ਹੈ। ਹੁਣ ਸੁਖਨਾ ਝੀਲ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਦੂਰ ਹੈ।
ਇਸ ਦੇ ਮੱਦੇਨਜ਼ਰ ਵਿਭਾਗ ਦੇ ਵੱਡੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਅਲਰਟ ਰਹਿਣ ਦੇ ਆਦੇਸ਼ ਦੇ ਦਿੱਤੇ ਹਨ। ਝੀਲ ਦਾ ਪਾਣੀ ਪੱਧਰ ਵੱਧਣ ਨਾਲ ਵਿਭਾਗ ਅਲਰਟ ਹੋ ਗਿਆ ਹੈ ਅਤੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ। ਇਸ ਲਈ ਸਾਵਧਾਨੀ ਦੇ ਤੌਰ ‘ਤੇ 3 ਸ਼ਿਫਟਾਂ ‘ਚ ਕਰਮਚਾਰੀਆਂ ਨੂੰ ਤਾਇਨਾਤ ਕਰਨ ਨੂੰ ਕਿਹਾ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਅਧਿਕਾਰੀਆਂ ਨੇ ਝੀਲ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜਾ ਲਿਆ ਸੀ ਅਤੇ ਇਸ ਦੇ ਬਾਅਦ ਹੀ ਰਣਨੀਤੀ ਤਿਆਰ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਲ 2017 ‘ਚ ਵੀ ਅਜਿਹੀ ਹੀ ਸਥਿਤੀ ਮਿਲੀ ਸੀ ਕਿ ਝੀਲ ‘ਚ ਪਾਣੀ ਦੀ ਕਮੀ ਹੋਣ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ‘ਤੇ ਟਿਊਬਵੈਲ ਰਾਹੀਂ ਪਾਣੀ ਦੀ ਸਪਲਾਈ ਕੀਤੀ ਗਈ ਸੀ ਪਰ ਹੁਣ ਪਿਛਲੇ 3 ਦਿਨ ‘ਚ ਹੋਈ ਰਿਕਾਰਡ ਤੋੜ ਬਾਰਿਸ਼ ਨਾਲ ਸੁਖਨਾ ਝੀਲ ‘ਚ ਅਗਲੇ ਚਾਰ ਸਾਲ ਪਾਣੀ ਦੀ ਕਮੀ ਨਹੀਂ ਹੋਵੇਗੀ।