clever sisters looted youth ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਆਏ ਦਿਨ ਲੁੱਟਾਂ-ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਦੁੱਗਰੀ ਦੇ ਰਹਿਣ ਵਾਲੇ ਨੌਜਵਾਨ ਨੂੰ ਕਾਰ ਚੰਗੇ ਭਾਅ ’ਤੇ ਵਿਕਵਾਉਣ ਦੇ ਬਹਾਨੇ ਬੁਲਾ ਕੇ ਕੁੱਟਮਾਰ ਕਰ ਕੇ ਕਾਰ ਭਜਾ ਕੇ ਲਿਜਾਣ ਦੇ ਦੋਸ਼ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ 1 ਮਹੀਨੇ ਬਾਅਦ ਦੋ ਭੈਣਾਂ ਗੁਰਦੀਪ ਕੌਰ ਅਤੇ ਸਿੰਕੀ ਨਿਵਾਸੀ ਗਊਸ਼ਾਲਾ ਰੋਡ ਸਮੇਤ ਪਰਮਜੀਤ ਸਿੰਘ ਵਾਸੀ ਇਸਲਾਮਗੰਜ ਅਤੇ ਸੁਰਿੰਦਰ ਕੁਮਾਰ ਵਾਸੀ ਕੋਟ ਆਲਮਗੀਰ ਖਿਲਾਫ਼ ਪਰਚਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਨਾਲ ਦੇਵ ਨੇ ਦੱਸਿਆ ਕਿ ਉਸ ਦਾ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਦਾ ਕੰਮ ਹੈ। ਬੀਤੀ 15 ਜੁਲਾਈ ਨੂੰ ਉਸ ਨੂੰ ਜਾਣ-ਪਛਾਣ ਦੀ ਉਕਤ ਮੁਲਜ਼ਮ ਔਰਤ ਗੁਰਦੀਪ ਕੌਰ ਦਾ ਫੋਨ ਆਇਆ, ਜਿਸ ਨੇ ਚੰਗੇ ਭਾਅ ’ਤੇ ਉਸ ਦੀ ਹੌਂਡਾ ਸਿਟੀ ਕਾਰ ਵੇਚਣ ਦੀ ਗੱਲ ਕਹੀ। ਗੱਲਾਂ ‘ਚ ਆ ਕੇ ਕੁਨਾਲ ਮਾਡਲ ਟਾਊਨ ਐਕਸਟੈਂਸ਼ਨ ‘ਚ ਸ਼ਾਮ 4 ਵਜੇ ਆਪਣੀ ਕਾਰ ਲੈ ਕੇ ਪੁੱਜ ਗਿਆ, ਜਿੱਥੇ ਗੁਰਦੀਪ ਕੌਰ ਉਸ ਦੀ ਭੈਣ ਸਿੰਕੀ, ਪਰਮਜੀਤ ਸਿੰਘ, ਸੁਰਿੰਦਰ ਕੁਮਾਰ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਪਰਮਜੀਤ ਸਿੰਘ ਅਤੇ ਸੁਰਿੰਦਰ ਕੁਮਾਰ ਕਾਰ ਖਰੀਦਣ ਦੇ ਚਾਹਵਾਨ ਹਨ ਅਤੇ ਟ੍ਰਾਈ ਲੈਣ ਦੇ ਬਹਾਨੇ ਉਸ ਦੇ ਨਾਲ ਕਾਰ ‘ਚ ਬੈਠ ਗਏ ਪਰ ਕੁੱਝ ਦੂਰ ਜਾ ਕੇ ਉਨ੍ਹਾਂ ਨੇ ਕੁਨਾਲ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਜੇਬ ’ਚੋਂ ਪਰਸ ਕੱਢ ਲਿਆ।ਪਰਸ ’ਚ ਕਾਰ ਦੀ ਆਰ. ਸੀ., 40 ਹਜ਼ਾਰ ਦੀ ਨਕਦੀ ਸਮੇਤ ਜ਼ਰੂਰੀ ਕਾਗਜ਼ ਸਨ। ਇਸ ਤੋਂ ਬਾਅਦ ਕੁਨਾਲ ਵੱਲੋਂ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਇਆ ਗਿਆ। ਪਹਿਲਾਂ ਦੋਵੇਂ ਧਿਰਾਂ ਦੀ ਆਪਸ ’ਚ ਸਮਝੌਤੇ ਦੀ ਗੱਲ ਚੱਲਣ ਕਾਰਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।