loot samrala ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ।ਇਨ੍ਹਾਂ ਲੁਟੇਰਿਆਂ ਦੇ ਡਰ ਕਾਰਨ ਹੁਣ ਆਮ ਲੋਕ ਇੱਕ ਦੂਜੇ ਦੀ ਮੱਦਦ ਕਰਨ ਤੋਂ ਗੁਰੇਜ਼ ਕਰਦੇ ਹਨ।ਜਾਣਕਾਰੀ ਮੁਤਾਬਕ ਸਮਰਾਲਾ ਦੇ ਚੌੜੇ ਬਾਜ਼ਾਰ ‘ਚ ਗੱਡੀ ‘ਚ ਸਵਾਰ ਔਰਤਾਂ ਨੇ ‘ਨਮਸਤੇ’ ਕਰ ਕੇ ਹੀ ਇੱਕ ਵਕੀਲ ਨੂੰ ਆਪਣਾ ਸ਼ਿਕਾਰ ਬਣਾ ਲਿਆ।ਦੱਸਣਯੋਗ ਹੈ ਕਿ ਨਮਸਤੇ ਕਹਿਣ ਤੋਂ ਬਾਅਦ ਔਰਤਾਂ ਵਕੀਲ ਨੂੰ ਲੁੱਟ ਕੇ ਫਰਾਰ ਹੋਣ ‘ਚ ਸਫਲ ਹੋ ਗਈਆਂ।
ਜਾਣਕਾਰੀ ਮੁਤਾਬਕ ਵਕੀਲ ਰਾਕੇਸ਼ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ ‘ਤੇ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ ਕਿ ਅਚਾਨਕ ਇਕ ਕਾਰ ਸਵਾਰ ਕੁੱਝ ਔਰਤਾਂ ਨੇ ਉਸ ਨੂੰ ਨਮਸਤੇ ਕੀਤੀ ਅਤੇ ਆਪਣੀ ਗੱਡੀ ਸੜਕ ਕਿਨਾਰੇ ਖੜ੍ਹੀ ਕਰ ਲਈ, ਜਿਸ ਤੋਂ ਉਨ੍ਹਾਂ ਨੂੰ ਲੱਗਿਆ ਕਿ ਉਕਤ ਔਰਤਾਂ ਉੁਨ੍ਹਾਂ ਦੀਆਂ ਵਾਕਿਫ਼ ਹਨ ਤਾਂ ਵਕੀਲ ਨੇ ਆਪਣੀ ਪਤਨੀ ਨੂੰ ਔਰਤਾਂ ਨੂੰ ਮਿਲਣ ਲਈ ਕਿਹਾ। ਹਾਲਾਂਕਿ ਉਸ ਦੀ ਪਤਨੀ ਨੇ ਔਰਤਾਂ ਨੂੰ ਨਾ ਪਛਾਨਣ ਦੀ ਗੱਲ ਕਹੀ ਪਰ ਵਕੀਲ ਦੇ ਕਹਿਣ ‘ਤੇ ਉਹ ਔਰਤਾਂ ਨੂੰ ਮਿਲਣ ਚਲੀ ਗਈ। ਇੰਨੇ ‘ਚ ਕਾਰ ‘ਚ ਸਵਾਰ ਔਰਤਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਇਕ ਜਨਾਨੀ ਨੇ ਉਸ ਨੂੰ ਜੱਫੀ ਪਾ ਲਈ, ਜਦੋਂ ਕਿ ਦੂਜੀ ਔਰਤ ਨੇ ਉਸ ਦੀ ਬਾਂਹ ਘੁੱਟ ਦਿੱਤੀ। ਵਕੀਲ ਦੀ ਪਤਨੀ ਦੇ ਝਿੜਕਣ ‘ਤੇ ਔਰਤਾਂ ਉਸ ਨੂੰ ਛੱਡ ਕੇ ਰਫੂ-ਚੱਕਰ ਹੋ ਗਈਆਂ।ਜਦੋਂ ਵਕੀਲ ਦੀ ਪਤਨੀ ਨੇ ਆਪਣੀ ਬਾਂਹ ਦੇਖੀ ਤਾਂ ਉਸ ਦੀ ਦੋ ਤੋਲੇ ਦੀ ਸੋਨੇ ਦੀ ਚੂੜੀ ਗਾਇਬ ਸੀ। ਫਿਲਹਾਲ ਪੀੜਤ ਪਰਿਵਾਰ ਵੱਲੋਂ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਮਰਾਲਾ ‘ਚ ਦਿਨੋਂ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਜਲਦ ਤੋਂ ਜਲਦ ਅਜਿਹੇ ਲੁਟੇਰਿਆਂ ‘ਤੇ ਨਕੇਲ ਕੱਸੇ ਤਾਂ ਜੋ ਆਮ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਅਜਿਹੇ ਲੁਟੇਰਿਆਂ ਤੋਂ ਬਚਾਇਆ ਜਾ ਸਕੇ।