nri house ਲੁਧਿਆਣਾ, (ਤਰਸੇਮ ਭਾਰਦਵਾਜ)- ਪਿੰਡ ਸਰਕਾਲੀ ਵਿਖੇ ਉਦੋਂ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਪਸਰ ਗਿਆ।ਜਦੋਂ ਇੱਕ ਐੱਨ.ਆਰ.ਆਈ. ਦੇ ਘਰ ਲੱਖਾਂ ਦਾ ਸਾਮਾਨ ਅਤੇ ਨਕਦੀ ਚੋਰੀ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।
ਨਾਭਾ ਬਲਾਕ ਦੇ ਪਿੰਡ ਸਕਰਾਲੀ ਵਿਖੇ ਇਕ ਐੱਨ. ਆਰ. ਆਈ. ਦੇ 7 ਮਹੀਨਿਆਂ ਤੋਂ ਬੰਦ ਪਏ ਘਰ ‘ਚ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਚੋਰਾਂ ਨੇ ਘਰ ‘ਚ ਵੜ ਕੇ 10 ਲੱਖ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਦੋਂ ਐਨ. ਆਰ. ਆਈ. ਪਰਿਵਾਰ ਸਮੇਤ ਘਰ ਪਰਤਿਆ ਤਾਂ ਘਰ ਦੀ ਹਾਲਤ ਦੇਖ ਸਾਰੇ ਟੱਬਰ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।ਜਾਣਕਾਰੀ ਮੁਤਾਬਕ ਇੱਥੋਂ ਦੇ ਪਿੰਡ ਸਕਰਾਲੀ ਦੇ ਰਹਿਣ ਵਾਲਾ ਇਕ ਐੱਨ. ਆਰ. ਆਈ. ਪਰਿਵਾਰ ਪਿਛਲੇ 7 ਮਹੀਨਿਆਂ ਤੋਂ ਆਸਟ੍ਰੇਲੀਆ ਵਿਖੇ ਪੀ. ਆਰ. ਲਈ ਗਿਆ ਸੀ। ਜਦੋਂ ਉਨ੍ਹਾਂ ਨੇ ਵਾਪਸ ਘਰ ਆ ਕੇ ਦੇਖਿਆ ਤਾਂ ਘਰ ਦੇ ਅੰਦਰਲੇ ਜਿੰਦਰੇ ਟੁੱਟੇ ਪਏ ਸਨ ਅਤੇ ਸਾਰਾ ਸਮਾਨ ਧਰਤੀ ‘ਤੇ ਖਿੱਲਰਿਆ ਪਿਆ ਸੀ।
ਜਦੋਂ ਉਨ੍ਹਾਂ ਨੇ ਅਲਮਾਰੀ ਦੇਖੀ ਤਾਂ ਅਲਮਾਰੀ ‘ਚੋਂ ਸਾਰਾ ਹੀ ਸੋਨਾ, ਚਾਂਦੀ ਗਾਇਬ ਸੀ।ਇਹ ਦੇਖਦਿਆਂ ਹੀ ਪਰਿਵਾਰ ਦੇ ਹੋਸ਼ ਉੱਡ ਗਏ। ਇੰਨਾ ਹੀ ਨਹੀਂ, ਸਗੋਂ ਚੋਰਾਂ ਨੇ ਕਮਰੇ ‘ਚ ਪਈਆਂ ਸ਼ਰਾਬ ਦੀਆਂ ਇੰਪੋਰਟਡ ਬੋਤਲਾਂ ਵੀ ਖਾਲੀ ਕਰ ਦਿੱਤੀਆਂ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਚੋਰ ਬੇ-ਝਿਜਕ ਕਈ ਘੰਟੇ ਉੱਥੇ ਰਹੇ ਅਤੇ ਆਰਾਮ ਦੇ ਨਾਲ ਆਪਣਾ ਕੰਮ ਕਰਕੇ ਚੱਲਦੇ ਬਣੇ। ਘਰ ਦੀ ਮਾਲਕਣ ਦਲਜੀਤ ਕੌਰ ਨੇ ਕਿਹਾ ਉਹ ਬਾਹਰਲੇ ਗੇਟ ਦੀ ਚਾਬੀ ਰਿਸ਼ਤੇਦਾਰਾਂ ਨੂੰ ਦੇ ਕੇ ਗਏ ਸਨ।ਉਨ੍ਹਾਂ ਕਿਹਾ ਕਿ ਚੋਰ ਉਨ੍ਹਾਂ ਦੇ ਘਰੋਂ 10 ਲੱਖ ਦੇ ਕਰੀਬ ਚੋਰੀ ਕਰਕੇ ਗਏ ਹਨ। ਇਸ ਮੌਕੇ ‘ਤੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਇਸ ਬਾਰੇ ਇਤਲਾਹ ਮਿਲੀ ਸੀ ਅਤੇ ਉਹ ਮੌਕੇ ‘ਤੇ ਪੁੱਜੇ। ਫਿਲਹਾਲ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਮੌਕੇ ‘ਤੇ ਫਾਰੰਸਿਕ ਟੀਮ, ਪਟਿਆਲਾ ਨੂੰ ਬੁਲਾਇਆ ਗਿਆ ਅਤੇ ਹੁਣ ਟੀਮ ਚੋਰਾਂ ਦੇ ਫਿੰਗਰ ਪ੍ਰਿੰਟਸ ਦੇ ਆਧਾਰ ‘ਤੇ ਪੈਰਵਾਈ ਕਰੇਗੀ। ਚੋਰਾਂ ਵੱਲੋਂ ਘਰ ‘ਚ ਬਿਲਕੁਲ ਸਾਹਮਣੇ ਪਏ ਮੋਬਾਇਲ ਫੋਨਾ ਨੂੰ ਹੱਥ ਨਹੀਂ ਲਗਾਇਆ ਗਿਆ।