Ludhiana youth commit suicide Canada: ਕਦੇ ਪਰਿਵਾਰ ਨੇ ਸੋਚਿਆ ਵੀ ਨਹੀ ਸੀ ਕਿ ਜਿਸ ਪੁੱਤਰ ਨੂੰ ਲਾਡਾਂ ਚਾਵਾਂ ਨਾਲ ਪਾਲ ਕੇ ਵਿਦੇਸ਼ ਪੜ੍ਹਨ ਲਈ ਭੇਜਿਆ, ਉਹ ਇਕ ਦਿਨ ਸਦਾ ਲਈ ਛੱਡ ਜਾਵੇਗਾ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ 20 ਸਾਲਾਂ ਨੌਜਵਾਨ ਪੜ੍ਹਾਈ ਲਈ ਕੈਨੇਡਾ ਗਿਆ ਸੀ ਪਰ ਉੱਥੇ ਉਸ ਨੇ ਆਪਣੇ ਹੀ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ ਵਿਸ਼ਾਲ ਸਿੰਘ (20 ਸਾਲ) ਪੁੱਤਰ ਬਲਜੀਤ ਸਿੰਘ ਦੇ ਨਾਂ ਨਾਲ ਹੋਈ, ਜਿਸ ਬੀਤੇ ਦਿਨੀ ਕੈਨੇਡਾ ਦੇ ਸ਼ਹਿਰ ਬ੍ਰੈਮਟਨ ‘ਚ ਆਪਣੇ ਘਰ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਦੱਸਣਯੋਗ ਹੈ ਕਿ ਮ੍ਰਿਤਕ ਇੱਥੋ ਦੇ ਸਮਰਾਲਾ ਨੇੜਲੇ ਪਿੰਡ ਮੰਜਾਲੀ ਖ਼ੁਰਦ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਦੇ ਚਾਚਾ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਮ੍ਰਿਤਕ ਵਿਸ਼ਾਲ ਸਿੰਘ 2 ਸਾਲ ਪਹਿਲਾਂ ਹੀ 12ਵੀਂ ਜਮਾਤ ਪਾਸ ਕਰਕੇ ਅਗਲੀ ਪੜ੍ਹਾਈ ਲਈ ਕੈਨੇਡਾ ਗਿਆ, ਜਿੱਥੇ ਉਸ ਨੇ ਬੀਤੀ 12 ਅਗਸਤ ਨੂੰ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਵਿਸ਼ਾਲ ਸਿੰਘ ਵੱਲੋਂ ਕਦੇ ਵੀ ਪਰਿਵਾਰ ਨਾਲ ਅਜਿਹੀ ਕੋਈ ਗਲ ਸਾਂਝੀ ਨਹੀਂ ਕੀਤੀ, ਜਿਸ ਤੋਂ ਅਜਿਹੇ ਸੰਕੇਤ ਮਿਲਦੇ ਕਿ ਉਹ ਖੁਦਕੁਸ਼ੀ ਕਰਨ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਵਿਸ਼ਾਲ ਸਿੰਘ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਸੰਭਾਵਨਾਂ ਹੈ ਕਿ ਆਉਣ ਵਾਲੇ ਸ਼ਨੀਵਾਰ ਤੱਕ ਲਾਸ਼ ਇੱਥੇ ਪਹੁੰਚ ਜਾਵੇਗੀ।






















